ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਤਲਵਾੜਾ ਤੋਂ ਮੁਕੇਰੀਆਂ ਰੋਡ ਉਪਰ ਸਥਿਤ ਪਿੰਡ ਹਵੇਲ ਚਾਂਗ ਨੇੜੇ ਇਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਨੌਜਵਾਨ ਦੀ ਮੌ-ਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਕੇਰੀਆਂ ਦੇ ਐਸ. ਆਈ. ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਮੁਕੇਰੀਆਂ ਹਾਜੀਪੁਰ ਰੋਡ ਉਤੇ ਸਥਿਤ ਪਿੰਡ ਹਵੇਲ ਚਾਂਗ ਨੇੜੇ ਕਾਰ ਹਾਦਸੇ ਵਿਚ ਇਕ ਨੌਜਵਾਨ ਦੀ ਮੌ-ਤ ਹੋ ਜਾਣ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਨਿਲ ਕੁਮਾਰ ਉਮਰ 30 ਸਾਲ ਪੁੱਤਰ ਸੁਭਾਸ਼ ਚੰਦਰ ਵਾਸੀ ਹਾਜੀਪੁਰ ਦੇ ਰੂਪ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੀਤੀ ਰਾਤ ਕਿਸੇ ਕੰਮ ਲਈ ਆਪਣੇ ਘਰ ਤੋਂ ਕਾਰ (ਨੰਬਰ ਪੀ.ਬੀ. 54 ਐੱਫ-9900) ਵਿੱਚ ਸਵਾਰ ਹੋ ਕੇ ਮੁਕੇਰੀਆਂ ਨੂੰ ਜਾ ਰਿਹਾ ਸੀ ਹਾਦਸੇ ਵਾਲੀ ਥਾਂ ਉਤੇ ਇਕ ਅਵਾਰਾ ਪਸ਼ੂ ਉਸ ਦੀ ਕਾਰ ਦੇ ਸਾਹਮਣੇ ਆ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਾਰ ਪਸ਼ੂ ਨਾਲ ਟਕਰਾ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਅਨਿਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਉਥੇ ਮੌਜੂਦ ਸਥਾਨਕ ਲੋਕਾਂ ਦੀ ਮਦਦ ਨਾਲ ਅਨਿਲ ਕੁਮਾਰ ਨੂੰ ਕਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ। ਉਥੇ ਉਸ ਦੇ ਨਾਜ਼ੁਕ ਹਾਲ ਨੂੰ ਦੇਖਦੇ ਹੋਏ ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ, ਪਰ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਮਰੀਜ਼ ਨੂੰ ਲੈ ਕੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਹ ਪੁਲਿਸ ਮੁਲਾਜ਼ਮ ਹੈ ਮਰੀਜ਼ ਦੇ ਪਰਿਵਾਰ ਵਾਲੇ ਮਰੀਜ਼ ਨੂੰ ਕਿਤੇ ਹੋਰ ਲਿਜਾਣਾ ਚਾਹੁੰਦੇ ਹਨ।
ਇਸ ਲਈ ਤੁਸੀਂ ਮਰੀਜ਼ ਨੂੰ ਵਾਪਸ ਲੈ ਆਓ, ਜਿਵੇਂ ਹੀ ਉਹ ਮਰੀਜ਼ ਨੂੰ ਵਾਪਸ ਲੈ ਕੇ ਆਇਆ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੇ ਇੱਕ ਹੋਰ ਐਂਬੂਲੈਂਸ ਦਾ ਪ੍ਰਬੰਧ ਕੀਤਾ ਹੋਇਆ ਸੀ। ਜਿਸ ਵਿੱਚ ਮਰੀਜ਼ ਨੂੰ ਪਾ ਕੇ ਉਹ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿੱਥੇ ਮਰੀਜ਼ ਦੀ ਮੌ-ਤ ਹੋ ਗਈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।