ਫਾਜ਼ਿਲਕਾ (ਪੰਜਾਬ) ਦੇ ਪਿੰਡ ਹੌਜ਼ ਖਾਸ ਨੇੜੇ ਸੜਕ ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਦੀ ਮੌ-ਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇਹ ਦਾ ਪੋਸਟ ਮਾਰਟਮ ਕਰਵਾਉਣ ਦੇ ਲਈ ਸਰਕਾਰੀ ਹਸਪਤਾਲ ਪਹੁੰਚੇ। ਮ੍ਰਿਤਕ ਨੌਜਵਾਨ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਘਰ ਤੋਂ ਕੰਮ ਉਤੇ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਗਰੂਪ ਸਿੰਘ ਉਮਰ 25 ਸਾਲ ਵਾਸੀ ਪਿੰਡ ਅਲਿਆਣਾ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ 12 ਜੂਨ 2024 ਦੀ ਸਵੇਰ ਨੂੰ ਉਸ ਦਾ ਲੜਕਾ ਜਗਰੂਪ ਸਿੰਘ ਮਿਹਨਤ ਮਜ਼ਦੂਰੀ ਲਈ ਆਪਣੇ ਕੰਮ ਉਤੇ ਜਾ ਰਿਹਾ ਸੀ।
ਇਸੇ ਦੌਰਾਨ ਪਿੰਡ ਛਪੜੀਵਾਲਾ ਅਤੇ ਹੌਜ਼ ਖਾਸ ਦੇ ਵਿਚਕਾਰ ਕਿਸੇ ਵੱਲੋਂ ਲਾਈਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਮੋਟਰਸਾਈਕਲ ਤੋਂ ਡਿੱਗਣ ਕਾਰਨ ਉਸ ਦੇ ਕਾਫੀ ਸੱ-ਟਾਂ ਲੱਗ ਗਈਆਂ ਅਤੇ ਕ-ਰੰ-ਟ ਵੀ ਲੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਲਿਜਾਇਆ ਗਿਆ। ਜਿੱਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਉਥੇ ਇੱਕ ਹਫ਼ਤੇ ਤੋਂ ਇਲਾਜ ਚੱਲ ਰਿਹਾ ਸੀ, ਪਰ ਇਸ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਮੌਕੇ ਮ੍ਰਿਤਕ ਦੀ ਪਤਨੀ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਛੋਟੀਆਂ ਧੀਆਂ ਹਨ ਅਤੇ ਹੁਣ ਉਨ੍ਹਾਂ ਤੋਂ ਪਿਤਾ ਦਾ ਛਾਇਆ ਦੂਰ ਹੋ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਘਰ ਵਿੱਚ ਉਸ ਦੇ ਪਤੀ ਤੋਂ ਇਲਾਵਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈ। ਜਿਸ ਕਾਰਨ ਉਨ੍ਹਾਂ ਦੇ ਛੋਟੇ ਜੁਆਕਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਜੁਆਕਾਂ ਦੀ ਆਰਥਿਕ ਮਦਦ ਕੀਤੀ ਜਾਵੇ। ਪੁਲਿਸ ਨੇ ਇਸ ਸਬੰਧੀ ਸਿਵਲ ਹਸਪਤਾਲ ਫਾਜ਼ਿਲਕਾ ਪਹੁੰਚ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।