ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਹਲਕਾ ਦਸੂਹਾ ਵਿਚ ਪੈਂਦੇ ਕਸਬਾ ਉਚੀ ਬੱਸੀ ਵਿੱਚ ਦੇਰ ਰਾਤ ਨੂੰ ਇੱਕ ਬੇਕਾਬੂ ਹੋਇਆ ਕੈਂਟਰ ਰੇਲਿੰਗ ਤੋੜ ਕੇ ਇੱਕ ਦੁਕਾਨ ਵਿੱਚ ਜਾ ਕੇ ਵੜ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਕਾਰਨ ਦੁਕਾਨ ਅੰਦਰ ਮੌਜੂਦ 29 ਸਾਲ ਉਮਰ ਦੇ ਇਕ ਨੌਜਵਾਨ ਦੀ ਮੌ-ਤ ਹੋ ਗਈ। ਜਿਸ ਦੀ ਪਹਿਚਾਣ ਗੁਰਪਾਲ ਸਿੰਘ ਸਿੰਘ ਉਮਰ 29 ਸਾਲ ਪੁੱਤਰ ਗੁਲਜ਼ਾਰ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਆਈ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਦਸੂਹਾ ਦੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਅੱਜ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਹਾਦਸੇ ਤੋਂ ਬਾਅਦ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਉਤੇ ਸਥਿਤ ਕਸਬਾ ਉੱਚੀ ਬੱਸੀ ਦੇ ਨੇੜੇ ਵਾਪਰਿਆ ਹੈ। ਜਿਵੇਂ ਹੀ ਜੰਮੂ ਤੋਂ ਦਿੱਲੀ ਵੱਲ ਨੂੰ ਜਾ ਰਿਹਾ ਇੱਕ ਕੈਂਟਰ ਕਸਬਾ ਉਚੀ ਬੱਸੀ ਕੋਲ ਪਹੁੰਚਿਆ ਤਾਂ ਇਹ ਬੇਕਾਬੂ ਹੋ ਕੇ ਹਾਈਵੇਅ ਦੇ ਕਿਨਾਰੇ ਸਥਿਤ ਇੱਕ ਦੁਕਾਨ ਵਿੱਚ ਜਾ ਕੇ ਵੜ ਗਿਆ।
ਜਿਸ ਕਾਰਨ ਦੁਕਾਨ ਅੰਦਰ ਮੌਜੂਦ ਗੁਰਪਾਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ਉਤੇ ਪਹੁੰਚ ਗਈ। ਜਿੱਥੇ ਕੈੰਟਰ ਨੂੰ ਸਾਈਡ ਵੱਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।