ਜਿਲ੍ਹਾ ਲੁਧਿਆਣਾ (ਪੰਜਾਬ) ਦੇ ਥਾਣਾ ਡਵੀਜ਼ਨ ਨੰਬਰ 6 ਦੇ ਖੇਤਰ ਸ਼ੇਰਪੁਰ ਚੌਕ ਨੇੜੇ ਮੰਗਲਵਾਰ ਦੀ ਰਾਤ ਨੂੰ ਇਕ ਫੈਕਟਰੀ ਵਿਚ ਫੋਰਮੈਨ ਦੇ ਵਜੋਂ ਕੰਮ ਕਰਨ ਵਾਲੇ ਵਿਅਕਤੀ ਨੂੰ ਸਾਈਕਲ ਉਤੇ ਕੰਮ ਤੋਂ ਘਰ ਜਾਂਦੇ ਵਕਤ ਇਕ ਤੇਜ਼ ਸਪੀਡ ਪ੍ਰਾਈਵੇਟ ਬੱਸ ਨੇ ਦ-ਰ-ੜ ਦਿੱਤਾ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦੀ ਪਹਿਚਾਣ ਸੁਰੇਸ਼ ਕੁਮਾਰ ਠਾਕੁਰ ਉਮਰ 52 ਸਾਲ ਵਾਸੀ ਜੀਵਨ ਨਗਰ ਫੋਕਲ ਪੁਆਇੰਟ ਦੇ ਰੂਪ ਵਜੋਂ ਹੋਈ ਹੈ। ਜੋ ਕਿ 4 ਜੁਆਕਾਂ ਦਾ ਪਿਤਾ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਉਸ ਦੇ ਪੁੱਤਰ ਸੌਰਭ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਫੈਕਟਰੀ ਵਿੱਚ ਫੋਰਮੈਨ ਦੇ ਵਜੋਂ ਕੰਮ ਕਰਦੇ ਸਨ ਅਤੇ ਹਰ ਰੋਜ਼ ਦੀ ਤਰ੍ਹਾਂ ਪਿਤਾ ਸਵੇਰੇ 8.30 ਵਜੇ ਕੰਮ ਲਈ ਘਰੋਂ ਗਏ ਸਨ।
ਅਸੀਂ ਆਖਰੀ ਵਾਰ ਰਾਤ 9.30 ਵਜੇ ਫੋਨ ਉਤੇ ਗੱਲ ਕੀਤੀ ਸੀ, ਉਸ ਸਮੇਂ ਉਹ ਘਰ ਆ ਰਹੇ ਸੀ। ਜਿਸ ਤੋਂ ਬਾਅਦ ਇੱਕ ਰਾਹਗੀਰ ਨੇ ਉਸ ਦੇ ਪਿਤਾ ਦੇ ਮੋਬਾਇਲ ਤੋਂ ਫੋਨ ਕਰਕੇ ਉਨ੍ਹਾਂ ਨੂੰ ਸੜਕ ਹਾਦਸਾ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਉਤੇ ਪਹੁੰਚੇ। ਪੁਲਿਸ ਅਨੁਸਾਰ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿਚ ਅਣ-ਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।