ਕਈ ਮਾਂ-ਬਾਪ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਜੁਆਕ ਉਨ੍ਹਾਂ ਤੋਂ ਦੂਰ ਜਾ ਰਹੇ ਹਨ ਅਤੇ ਘਰ ਵਿੱਚ ਅਲੱਗ-ਥਲੱਗ ਰਹਿਣ ਨੂੰ ਵੀ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਆਪਣੇ ਖੁਸ਼ ਅਤੇ ਹੱਸਮੁੱਖ ਜੁਆਕ ਨੂੰ ਚੁੱਪ ਹੁੰਦੇ ਦੇਖ ਕੇ ਚਿੰਤਾ ਵਿਚ ਹੋ ਜਾਂ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਸੁਚੇਤ ਰਹਿਣਾ ਚਾਹੁੰਦੇ ਹੋ, ਤਾਂ ਇਹ ਲੇਖ ਸਿਰਫ਼ ਤੁਹਾਡੇ ਪੜ੍ਹਨ ਲਈ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ (ਮਾਤਾ-ਪਿਤਾ ਅਤੇ ਜੁਆਕਾਂ ਦੇ ਵਿਚਕਾਰ ਦੂਰੀ) ਇਸ ਦੇ 8 ਕਾਰਨ
HIGHLIGHTS
- 1. ਅੱਜ-ਕੱਲ੍ਹ ਮਾਤਾ-ਪਿਤਾ ਅਤੇ ਜੁਆਕਾਂ ਵਿਚਕਾਰ ਦੂਰੀ ਕਾਫੀ ਹੱਦ ਤੱਕ ਵਧ ਰਹੀ ਹੈ।
- 2. ਵੱਧ ਰਹੀ ਦੂਰੀ ਦੇ ਪਿੱਛੇ ਦਾ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ।
- 3. ਸਾਰੇ ਮਾਪੇ ਆਪਣੇ ਜੁਆਕਾਂ ਨਾਲ ਜ਼ਿੰਦਗੀ ਭਰ ਬਿਹਤਰ ਰਿਸ਼ਤੇ ਹੀ ਚਾਹੁੰਦੇ ਹਨ।
ਨਵੀਂ ਦਿੱਲੀ (ਲਾਈਫਸਟਾਈਲ ਡੈਸਕ) ਕਈ ਵਾਰ ਮਾਪਿਆਂ ਅਤੇ ਜੁਆਕਾਂ ਦਾ ਰਿਸ਼ਤਾ ਅਜਿਹੇ ਮੋੜ ਉੱਤੇ ਆ ਜਾਂਦਾ ਹੈ ਜਿੱਥੋਂ ਸਭ ਕੁਝ ਧੁੰਦਲਾ ਦਿਖਾਈ ਦਿੰਦਾ ਹੈ। ਕਈ ਵਾਰ ਮਾਂ-ਬਾਪ ਹੀ ਜਾਣੇ-ਅਣਜਾਣੇ ਵਿਚ ਕੁਝ ਗਲਤੀਆਂ ਕਰ ਰਹੇ ਹੁੰਦੇ ਹਨ, ਜਦੋਂ ਕਿ ਕਈ ਵਾਰ ਇਸ ਦੇ ਪਿੱਛੇ ਕੁਝ ਹੋਰ ਕਾਰਨ ਵੀ ਜ਼ਿੰਮੇਵਾਰ ਹੁੰਦੇ ਹਨ। ਸਮੇਂ ਦੇ ਨਾਲ ਇਨ੍ਹਾਂ ਵਧ ਰਹੀਆਂ ਦੂਰੀਆਂ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਜਿਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਜਾਣਨਾ ਚਾਹੀਦਾ ਹੈ। ਜਦੋਂ ਹੱਸਮੁੱਖ ਅਤੇ ਮਜ਼ਾਕ ਕਰਨ ਵਾਲਾ ਜੁਆਕ ਆਪਣੇ ਮਾਤਾ-ਪਿਤਾ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਇਸ ਦੇ ਪਿੱਛੇ ਇਹ 8 ਕਾਰਨ ਹੋ ਸਕਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਆਪਣੇ ਮਾਪਿਆਂ ਤੋਂ ਦੂਰੀ ਬਣਾਉਣ ਲੱਗਦੇ ਹਨ ਜੁਆਕ
ਦੋਸਤਾਂ ਦਾ ਅਸਰ:- ਜੁਆਕਾਂ ਦੀ ਦੋਸਤੀ ਦਾ ਉਨ੍ਹਾਂ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਜੇ ਜੁਆਕ ਦੇ ਦੋਸਤਾਂ ਦਾ ਵਿਵਹਾਰ ਜਾਂ ਵਿਚਾਰ ਉਸ ਤੋਂ ਵੱਖਰੇ ਹਨ, ਤਾਂ ਉਹ ਆਪਣੇ ਮਾਪਿਆਂ ਤੋਂ ਅਲੱਗ ਮਹਿਸੂਸ ਕਰ ਸਕਦਾ ਹੈ। ਇਸ ਸਥਿਤੀ ਵਿੱਚ, ਉਹ ਆਪਣੇ ਦੋਸਤਾਂ ਦੇ ਬਹਿਕਾਵੇ ਵਿਚ ਆ ਕੇ ਆਪਣੇ ਮਾਪਿਆਂ ਤੋਂ ਦੂਰੀ ਬਣਾ ਸਕਦਾ ਹੈ।
ਸਕੂਲ ਦਾ ਦਬਾਅ:- ਜੁਆਕਾਂ ਦੇ ਮਾਨਸਿਕ ਤਣਾਅ ਪਿੱਛੇ ਸਕੂਲ ਦਾ ਦਬਾਅ ਇੱਕ ਵੱਡਾ ਕਾਰਨ ਹੁੰਦਾ ਹੈ। ਜਦੋਂ ਕੋਈ ਜੁਆਕ ਸਕੂਲ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਜਾਂ ਕਿਸੇ ਕਾਰਨ ਤਣਾਅ ਮਹਿਸੂਸ ਕਰਦਾ ਹੈ, ਤਾਂ ਉਹ ਉਹੀ ਤਣਾਅ ਆਪਣੇ ਘਰ ਲੈ ਆਉਂਦਾ ਹੈ। ਅਜਿਹੀ ਸਥਿਤੀ ਵਿੱਚ, ਉਹ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਤੋਂ ਝਿਜਕਦਾ ਹੈ ਜਾਂ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਣਾ ਸ਼ੁਰੂ ਕਰ ਦਿੰਦਾ ਹੈ।
ਬਦਲਦਾ ਸੁਭਾਅ:- ਜਿਵੇਂ-ਜਿਵੇਂ ਜੁਆਕ ਵੱਡਾ ਹੁੰਦਾ ਹੈ, ਉਸ ਦਾ ਸੁਭਾਅ ਵੀ ਬਦਲ ਜਾਂਦਾ ਹੈ। ਮਾਪਿਆਂ ਲਈ ਇਸ ਤਬਦੀਲੀ ਨੂੰ ਸਮਝਣਾ ਅਕਸਰ ਮੁਸ਼ਕਲ ਹੁੰਦਾ ਹੈ। ਜਦੋਂ ਇੱਕ ਜੁਆਕ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਵਿੱਚ ਝਿਜਕ ਮਹਿਸੂਸ ਕਰਦਾ ਹੈ, ਤਾਂ ਉਹ ਮਾਪਿਆਂ ਤੋਂ ਦੂਰੀ ਬਣਾ ਸਕਦਾ ਹੈ।
ਮਾਂ-ਬਾਪ ਦਾ ਵਰਤਾਵ:- ਮਾਪਿਆਂ ਦੇ ਵਿਵਹਾਰ ਦਾ ਜੁਆਕਾਂ ਦੇ ਵਰਤਾਵ ਉੱਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਜੇਕਰ ਮਾਤਾ-ਪਿਤਾ ਹਮੇਸ਼ਾ ਜੁਆਕ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ ਜਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਨ, ਤਾਂ ਜੁਆਕ ਗੱਲਬਾਤ ਨੂੰ ਘੱਟ ਕਰ ਸਕਦਾ ਹੈ।
ਤਕਨੀਕ ਦਾ ਅਸਰ:- ਜੁਆਕਾਂ ਦਾ ਜਿਆਦਾ ਸਮਾਂ ਮੋਬਾਈਲ ਫੋਨ, ਕੰਪਿਊਟਰ ਜਾਂ ਹੋਰ ਗੈਜੇਟਸ ਨਾਲ ਬੀਤਦਾ ਹੈ, ਤਾਂ ਵੀ ਉਨ੍ਹਾਂ ਦੇ ਵਿਵਹਾਰ ਵਿੱਚ ਫਰਕ ਪੈ ਸਕਦਾ ਹੈ। ਤਕਨੀਕ ਨਾਲ ਜ਼ਿਆਦਾ ਸਮਾਂ ਬਿਤਾਉਣ ਨਾਲ ਪਰਿਵਾਰਕ ਸਮਾਂ ਘਟ ਜਾਂਦਾ ਹੈ ਅਤੇ ਮਾਪਿਆਂ ਨਾਲ ਦੂਰੀ ਵਧਣ ਲੱਗਦੀ ਹੈ। ਇਹ ਗੱਲ ਜੁਆਕਾਂ ਦੇ ਨਾਲ-ਨਾਲ ਮਾਪਿਆਂ ਉੱਤੇ ਵੀ ਲਾਗੂ ਹੁੰਦੀ ਹੈ।
ਨਿੱਜੀ ਸਮੱਸਿਆਵਾਂ:- ਕਈ ਵਾਰ ਜੁਆਕਾਂ ਦੀਆਂ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਉਹ ਆਪਣੇ ਮਾਪਿਆਂ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦੇ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਵੀ ਜੁਆਕ ਆਪਣੇ ਮਾਤਾ-ਪਿਤਾ ਤੋਂ ਦੂਰੀ ਬਣਾ ਸਕਦਾ ਹੈ।
ਜੇਕਰ ਬਿਜੀ ਰਹਿੰਦੇ ਹਨ ਮਾਤਾ-ਪਿਤਾ:- ਮਾਪਿਆਂ ਦੇ ਜਿਆਦਾ ਆਪਣੇ ਰੁਝੇਵਿਆਂ ਵਿਚ ਬਿਜੀ ਰਹਿਣ ਨਾਲ ਵੀ ਜੁਆਕਾਂ ਦੇ ਵਿਵਹਾਰ ਉੱਤੇ ਅਸਰ ਪੈਂਦਾ ਹੈ। ਜੇਕਰ ਮਾਪੇ ਆਪਣੇ ਜੁਆਕਾਂ ਨਾਲ ਕਾਫ਼ੀ ਸਮਾਂ ਨਹੀਂ ਬਿਤਾਉਂਦੇ, ਤਾਂ ਵੀ ਜੁਆਕ ਉਨ੍ਹਾਂ ਤੋਂ ਦੂਰੀ ਮਹਿਸੂਸ ਕਰ ਸਕਦਾ ਹੈ।
ਮਾਨਸਿਕ ਕਾਰਨ:- ਕੁਝ ਮਾਮਲਿਆਂ ਵਿੱਚ, ਜੁਆਕਾਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜੋ ਉਨ੍ਹਾਂ ਦੇ ਵਿਵਹਾਰ ਵਿੱਚ ਤਬਦੀਲੀਆਂ ਲਿਆ ਸਕਦੀਆਂ ਹਨ। ਜੇਕਰ ਜੁਆਕ ਆਪਣੇ ਮਾਤਾ-ਪਿਤਾ ਤੋਂ ਦੂਰੀ ਬਣਾ ਕੇ ਰੱਖਦਾ ਹੈ ਅਤੇ ਉਸ ਦੇ ਵਿਵਹਾਰ ਵਿੱਚ ਹੋਰ ਬਦਲਾਵ ਵੀ ਦਿਖਾਈ ਦਿੰਦੇ ਹਨ, ਤਾਂ ਉਸ ਨੂੰ ਮਾਨਸਿਕ ਸਿਹਤ ਦੀ ਸਮੱਸਿਆ ਹੋ ਸਕਦੀ ਹੈ।
ਇਨ੍ਹਾਂ ਕਾਰਨਾਂ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਕਾਰਨ ਜੁਆਕ ਆਪਣੇ ਮਾਤਾ-ਪਿਤਾ ਤੋਂ ਦੂਰੀ ਬਣਾ ਸਕਦਾ ਹੈ। ਜੇਕਰ ਤੁਹਾਡਾ ਜੁਆਕ ਵੀ ਤੁਹਾਡੇ ਤੋਂ ਦੂਰੀ ਬਣਾ ਕੇ ਰੱਖਦਾ ਹੈ, ਤਾਂ ਤੁਹਾਨੂੰ ਉਸ ਨਾਲ ਖੁੱਲ੍ਹੇ ਦਿਲ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕੀ ਮਹਿਸੂਸ ਕਰ ਰਿਹਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੁਆਕ ਨੂੰ ਕੋਈ ਮਾਨਸਿਕ ਸਿਹਤ ਦੀ ਸਮੱਸਿਆ ਹੈ, ਤਾਂ ਮਨੋਵਿਗਿਆਨੀ ਦੀ ਮਦਦ ਲੈਣ ਵਿੱਚ ਕੋਈ ਬੁਰਾਈ ਨਹੀਂ ਹੈ।