ਪੰਜਾਬ ਦੇ ਮੋਗਾ ਵਿਚ ਪੰਜਾਬ ਪੁਲਿਸ ਦੇ ਕਰਮਚਾਰੀ ਹੌਲਦਾਰ ਜਸਬੀਰ ਸਿੰਘ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਹੋਏ ਹਨ। ਜੋ ਕੰਮ ਜਸਬੀਰ ਸਿੰਘ ਕਰ ਰਹੇ ਹਨ, ਉਸ ਲਈ ਉਨ੍ਹਾਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਹੌਲਦਾਰ ਜਸਬੀਰ ਸਿੰਘ ਤਨ, ਮਨ, ਧਨ ਨਾਲ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੇ ਇਸ ਚੰਗੇ ਕੰਮ ਲਈ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਹੌਲਦਾਰ ਜਸਬੀਰ ਸਿੰਘ ਵਾਸੀ ਪਿੰਡ ਚਿੜਿੱਕ ਜੋ ਪਿਛਲੇ 28 ਸਾਲਾਂ ਤੋਂ ਮੋਗਾ ਪੁਲਿਸ ਵਿੱਚ ਤਾਇਨਾਤ ਹਨ, 2018 ਵਿੱਚ ਮੋਗਾ ਦੇ ਇੱਕ ਬਿਰਧ ਆਸ਼ਰਮ ਵਿੱਚ ਸੇਵਾ ਕਰਨ ਲਈ ਗਏ ਸਨ। ਉਦੋਂ ਤੋਂ ਹੀ ਉਨ੍ਹਾਂ ਨੇ ਇਨ੍ਹਾਂ ਲੋਕਾਂ ਲਈ ਕੁਝ ਕਰਨ ਦਾ ਮਨ ਬਣਾ ਲਿਆ। ਹੌਲਦਾਰ ਜਸਬੀਰ ਸਿੰਘ ਇੱਕ ਕਿਸਾਨ ਪਰਿਵਾਰ ਵਿੱਚੋਂ ਹਨ। ਆਪਣੀ ਡਿਊਟੀ ਦੇ ਨਾਲ-ਨਾਲ ਉਨ੍ਹਾਂ ਨੇ ਬੇਸਹਾਰਾ ਲੋਕਾਂ ਨੂੰ ਸੜਕਾਂ ਤੋਂ ਚੁੱਕ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਵਲੋਂ ਪੰਜ ਸਾਲ ਸੇਵਾ ਕਰਨ ਤੋਂ ਬਾਅਦ 2023 ਵਿੱਚ ਕੁਝ ਐਨ. ਆਰ. ਆਈ. ਲੋਕਾਂ ਦੀ ਮਦਦ ਨਾਲ ਮੋਗਾ ਵਿੱਚ ਕਰੋੜਾਂ ਰੁਪਏ ਖਰਚ ਕੇ ਆਸ ਆਸ਼ਰਮ ਸੇਵਾ ਸੁਸਾਇਟੀ ਬਣਾਈ। ਜਿਸ ਵਿੱਚ ਬੇਸਹਾਰਾ ਲੋਕਾਂ ਨੂੰ ਲਿਆ ਕੇ ਉਨ੍ਹਾਂ ਦੀ ਸੇਵਾ ਕਰਦੇ ਹਨ। ਇਸ ਆਸ਼ਰਮ ਵਿੱਚ 65 ਦੇ ਕਰੀਬ ਬੇਸਹਾਰਾ ਲੋਕ ਹਨ।
ਹੌਲਦਾਰ ਜਸਬੀਰ ਸਿੰਘ ਆਪਣੀ ਡਿਊਟੀ ਤੇ ਜਾਣ ਤੋਂ ਪਹਿਲਾਂ ਆ ਕੇ ਉਨ੍ਹਾਂ ਨੂੰ ਦਵਾਈ ਦੇਣਾ, ਕੱਪੜੇ ਬਦਲਣਾ, ਰੋਟੀ ਖਵਾਉਂਣਾ ਅਤੇ ਪੱਗਾਂ ਬੰਨ੍ਹਣਾ ਆਦਿ ਸਾਰੇ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੀ ਹਾਲਤ ਬਹੁਤ ਖਰਾਬ ਸੀ, ਕਈਆਂ ਦੀਆਂ ਲੱਤਾਂ ਵਿੱਚ ਕੀ-ੜੇ ਸਨ, ਉਨ੍ਹਾਂ ਨੂੰ ਸੇਵਾ ਰਾਹੀਂ ਠੀਕ ਕਰ ਦਿੱਤਾ ਹੈ।
ਇਸ ਕੰਮ ਵਿੱਚ ਜ਼ਿਲ੍ਹੇ ਦੇ ਐਸ. ਐਸ. ਪੀ. ਅਤੇ ਪੂਰੀ ਪੁਲਿਸ ਟੀਮ ਸਹਿਯੋਗ ਕਰਦੀ ਹੈ। ਇਸ ਆਸ਼ਰਮ ਦੇ ਕੁਝ ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਇਨ੍ਹਾਂ ਨਾਲ ਕੁਝ ਲੋਕ ਜੁੜੇ ਹੋਏ ਹਨ ਜੋ ਆਪਣੀ ਕਮਾਈ ਦਾ ਕੁਝ ਹਿੱਸਾ ਇਨ੍ਹਾਂ ਲੋਕਾਂ ਦੀ ਸੇਵਾ ਲਈ ਭੇਜ ਦਿੰਦੇ ਹਨ, ਜਿਸ ਨਾਲ ਰਾਸ਼ਨ, ਦਵਾਈਆਂ, ਕੱਪੜੇ ਆਦਿ ਦਾ ਖਰਚਾ ਪੂਰਾ ਹੁੰਦਾ ਹੈ। ਉਨ੍ਹਾਂ ਨੂੰ ਦਿਨ ਵਿੱਚ ਤਿੰਨ ਵਾਰ ਖਾਣਾ ਖੁਆਉਂਦੇ ਹਨ, ਉਨ੍ਹਾਂ ਦੀ ਆਪਣੇ ਘਰ ਵਾਂਗ ਸੇਵਾ ਕਰਦੇ ਹਨ, ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ। ਜਸਬੀਰ ਸਿੰਘ ਨੇ ਕਿਹਾ ਕਿ ਉਹ ਇੱਕ ਹਸਪਤਾਲ ਬਣਾਉਣਗੇ ਜਿਸ ਵਿੱਚ ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਸਕੇ।