ਪੰਜਾਬ ਵਿਚ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਕੌਮੀ ਮਾਰਗ ਉੱਤੇ ਪਿੰਡ ਭਰਤਗੜ੍ਹ ਦੇ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌ-ਤ ਹੋ ਗਈ, ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਰਤਗੜ੍ਹ ਦੇ ਇੰਚਾਰਜ ਏ. ਐਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਸਵਿੰਦਰ ਸਿੰਘ ਉਮਰ 23 ਸਾਲ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਕਲਿਆਣਪੁਰ ਸ੍ਰੀ ਕੀਰਤਪੁਰ ਸਾਹਿਬ ਜੋ ਕਿ ਬੁੰਗਾ ਸਾਹਿਬ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਸੀ, ਸਵੇਰੇ ਕਰੀਬ ਸਾਢੇ 10 ਵਜੇ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਰੋਪੜ ਵੱਲ ਜਾ ਰਿਹਾ ਸੀ।
ਜਦੋਂ ਉਹ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਡੇਰੇ ਤੋਂ ਥੋੜ੍ਹਾ ਅੱਗੇ ਅਤੇ ਸ਼ੇਰ-ਏ-ਪੰਜਾਬ ਢਾਬੇ ਤੋਂ ਥੋੜ੍ਹਾ ਪਿੱਛੇ ਭਰਤਗੜ੍ਹ ਪੁੱਜਿਆ ਤਾਂ ਉਸ ਦਾ ਮੋਟਰਸਾਈਕਲ ਸੜਕ ਉੱਤੇ ਜਾ ਰਹੀ ਇੱਕ ਟ੍ਰੈਕਟਰ ਟ੍ਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਜਸਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸੀ. ਐਚ. ਸੀ. ਭਰਤਗੜ੍ਹ ਲਿਜਾਇਆ ਗਿਆ, ਜਿੱਥੇ ਉਸ ਦਾ ਹਾਲ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਹਰਮੇਸ਼ ਸਿੰਘ ਉਰਫ ਬਿੱਲੂ ਵਾਸੀ ਪਿੰਡ ਕਲਿਆਣਪੁਰ, ਸ਼੍ਰੀ ਕੀਰਤਪੁਰ ਸਾਹਿਬ ਦੇ ਬਿਆਨਾਂ ਦੇ ਆਧਾਰ ਉੱਤੇ ਟ੍ਰੈਕਟਰ ਟ੍ਰਾਲੀ ਦੇ ਡਰਾਈਵਰ ਰਾਜੂ ਪੁੱਤਰ ਧਰਮਪਾਲ ਵਾਸੀ ਪਿੰਡ ਦੁਬੇਟਾ, (ਹਿਮਾਚਲ ਪ੍ਰਦੇਸ਼) ਦੇ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਸਵਿੰਦਰ ਸਿੰਘ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। 26 ਸਤੰਬਰ ਨੂੰ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।