ਦੀਵਾਲੀ ਦੀਆਂ ਖੁਸ਼ੀਆਂ ਦਰਮਿਆਨ ਪਿੰਡ ਕਰਵਾਲੀਆ ਨੇੜੇ ਕਿਸੇ ਅਣ-ਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਨਾਲ ਦਰਦ*ਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੋ ਦੋਸਤਾਂ ਦੀ ਮੌ-ਤ ਹੋ ਗਈ। ਇਹ ਹਾਦਸਾ ਰਾਤ 11 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਵਿਜੇ ਕੁਮਾਰ ਉਮਰ 25 ਸਾਲ ਵਾਸੀ ਮੁਰਗੀ ਮੁਹੱਲਾ, ਬਟਾਲਾ ਅਤੇ ਲਵਪ੍ਰੀਤ ਸਿੰਘ ਉਮਰ 28 ਸਾਲ ਵਾਸੀ ਪਿੰਡ ਬੁਰਜ ਅਰਾਈਆਂ ਆਪਣੇ ਪਿੰਡ ਨੂੰ ਪਰਤ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਨੂੰ ਲਵਪ੍ਰੀਤ ਸਿੰਘ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਵਿਜੇ ਕੁਮਾਰ ਨੂੰ ਫੋਨ ਕਰਕੇ ਮਦਦ ਮੰਗੀ। ਵਿਜੇ ਕੁਮਾਰ ਆਪਣੇ ਮੋਟਰਸਾਈਕਲ ਉੱਤੇ ਲਵਪ੍ਰੀਤ ਸਿੰਘ ਨੂੰ ਉਸ ਦੇ ਪਿੰਡ ਬੁਰਜ ਅਰਾਈਆਂ ਵਿਚ ਛੱਡਣ ਲਈ ਜਾ ਰਿਹਾ ਸੀ, ਪਰ ਰਸਤੇ ਵਿਚ ਪਿੰਡ ਕਰਵਾਲੀਆ ਨੇੜੇ ਕਿਸੇ ਅਣ-ਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਦੋਵਾਂ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਦੋਵਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ੁੱਕਰਵਾਰ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਦੋਵਾਂ ਦੇਹਾਂ ਦਾ ਪੋਸਟ ਮਾਰਟਮ ਕਰਵਾ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਲਵਪ੍ਰੀਤ ਸਿੰਘ ਬਟਾਲਾ ਵਿਚ ਦੁੱਧ ਦੀ ਡੇਅਰੀ ਚਲਾਉਂਦਾ ਸੀ ਅਤੇ ਵਿਆਹਿਆਂ ਹੋਇਆ ਸੀ। ਉਸ ਦੇ ਦੋ ਛੋਟੇ ਜੁਆਕ ਵੀ ਹਨ। ਇਸ ਮਾਮਲੇ ਵਿਚ ਪੁਲਿਸ ਨੇ ਅਣ-ਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌ-ਤ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।