ਅਕਸਰ ਹੀ ਬਦਲਦੇ ਮੌਸਮ ਦੇ ਕਾਰਨ ਛੋਟੇ ਬੱਚਿਆਂ ਲਈ ਖੰਘ ਅਤੇ ਜ਼ੁਕਾਮ ਦਾ ਹੋਣਾ ਆਮ ਜਿਹੀ ਗੱਲ ਹੈ। ਪ੍ਰੰਤੂ ਇਹ ਸਮੱਸਿਆ ਬੱਚਿਆਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਕਰਦੀ ਹੈ ਅਤੇ ਉਨ੍ਹਾਂ ਦੀ ਸਮੱਸਿਆ ਨੂੰ ਵੇਖਦੇ ਹੋਇਆਂ ਮਾਪਿਆਂ ਦਾ ਵੀ ਪਰੇਸ਼ਾਨ ਹੋਣਾ ਲਾਜ਼ਮੀ ਹੈ। ਇੱਕ ਪਾਸੇ ਮਾਂ-ਪਿਓ ਖੰਘ ਤੇ ਜ਼ੁਕਾਮ ਵਰਗੀ ਬਿਮਾਰੀ ਲਈ ਬੱਚੇ ਨਾਲ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੇ ਦੂਜੇ ਪਾਸੇ ਉਹ ਬੱਚੇ ਨੂੰ ਅੰਗਰੇਜ਼ੀ ਦਵਾਈ ਪਿਲਾਉਣ ਤੋਂ ਵੀ ਪਰਹੇਜ਼ ਕਰਦੇ ਹਨ। ਇਹੋ ਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਸਭ ਤੋਂ ਉੱਤਮ ਢੰਗ ਹੈ ਘਰੇਲੂ ਉਪਚਾਰਾਂ ਨੂੰ ਅਪਣਾ ਲੈਣਾ। ਚਲੋ ਅੱਜ ਅਸੀਂ ਤੁਹਾਨੂੰ ਬੱਚਿਆਂ ਲਈ ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਦੇ ਕੁਝ ਘਰੇਲੂ ਤਰੀਕਿਆਂ ਬਾਰੇ ਦੱਸਦੇ ਹਾਂ।
ਵਰਤੋ ਅਜਵੈਣ ਦਾ ਪਾਣੀ
ਤੁਸੀਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਛੋਟੇ ਬੱਚੇ ਨੂੰ ਦੋ ਤੋਂ ਚਾਰ ਚਮਚ ਤੱਕ ਅਜਵੈਣ ਦਾ ਪਾਣੀ ਦਿਓ ਅਤੇ ਇਸ ਦੇ ਲਈ ਇਕ ਗਲਾਸ ਪਾਣੀ ਦੇ ਵਿਚ ਇਕ ਚਮਚ ਅਜਵੈਣ ਪਾ ਕੇ ਚੰਗੀ ਤਰ੍ਹਾਂ ਪਕਾ ਲਓ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਬੱਚੇ ਨੂੰ ਦਿਨ ਦੇ ਵਿਚ ਤਿੰਨ ਤੋਂ ਚਾਰ ਵਾਰ ਦਿਓ ਜੇਕਰ ਬੱਚਾ ਵੱਡਾ ਹੈ ਤਾਂ ਤੁਸੀਂ ਅਜਵੈਣ ਦਾ ਅੱਧਾ ਪਿਆਲਾ ਪਾਣੀ ਵੀ ਪੀ ਸਕਦੇ ਹੋ ਇਹ ਨੁਕਤਾ ਸਰਦੀ-ਜੁਕਾਮ ਤੋਂ ਕਾਫੀ ਰਾਹਤ ਦੇਣ ਲਈ ਲਾਭਦਾਇਕ ਹੈ।
ਹਲ਼ਦੀ ਵਾਲਾ ਦੁੱਧ
ਤੁਸੀਂ ਸਰਦੀ- ਜ਼ੁਕਾਮ ਤੋਂ ਛੁਟਕਾਰਾ ਪਾਉਣ ਦੇ ਲਈ ਹਲ਼ਦੀ ਨੂੰ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ। ਇਸ ਨੁਕਤੇ ਦੇ ਲਈ ਦੁੱਧ ਚ ਹਲ਼ਦੀ ਨੂੰ ਮਿਲਾ ਕੇ ਚੰਗੀ ਤਰ੍ਹਾਂ ਗਰਮ ਕਰੋ ਅਤੇ ਕੋਸਾ (ਹਲਕਾ ਗਰਮ) ਹੋਣ ਤੇ ਬੱਚੇ ਨੂੰ ਪਿਲਾਓ ਜੇਕਰ ਤੁਸੀਂ ਇਸ ਲਈ ਕੱਚੀ ਹਲਦੀ ਵਰਤ ਸਕਦੇ ਹੋ ਤਾਂ ਇਹ ਹੋਰ ਵੀ ਲਾਭਦਾਇਕ ਹੋਏਗਾ ।
ਕਾੜਾ ਵੀ ਪਿਲਾ ਸਕਦੇ ਹੋ
ਸਾਨੂੰ ਬੱਚੇ ਨੂੰ ਦਿਨ ਵਿਚ ਘੱਟੋ ਘੱਟ ਦੋ ਵਾਰ ਕਾੜਾ ਦੇਣਾ ਜਰੂਰ ਦੇਣਾ ਚਾਹੀਦਾ ਹੈ । ਜੇ ਬੱਚਾ ਛੋਟਾ ਹੈ ਤਾਂ ਇੱਕ ਤੋਂ ਦੋ ਚਮਚ ਕਾੜਾ ਪੀਣ ਲਈ ਦੇ ਸਕਦੇ ਹੋ ਜੇਕਰ ਬੱਚਾ ਵੱਡਾ ਹੈ ਤਾਂ ਇਕ ਨਿਕਾ ਜਿਹਾ ਅੱਧਾ ਕੱਪ ਪੀਣ ਲਈ ਦਿੱਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਮਾਰਕੀਟ ਵਿਚੋਂ ਇੱਕ ਚੰਗੀ ਕੰਪਨੀ ਦਾ ਕਾੜਾ ਖਰੀਦ ਕੇ ਲਿਆਉਣਾ ਚਾਹੀਦਾ ਹੈ। ਜੇਕਰ ਇਹ ਸੰਭਵ ਨਹੀਂ ਤਾਂ ਤੁਸੀਂ ਘਰ ਵਿਚ ਤੁਲਸੀ ਦਾਲਚੀਨੀ ਲੌਂਗ ਕਾਲੀ ਮਿਰਚ ਅਤੇ ਅਦਰਕ ਦਾ ਕਾੜਾ ਵੀ ਬਣਾ ਕੇ ਤਿਆਰ ਕੀਤਾ ਜਾ ਸਕਦਾ ਹੈ।
ਤੁਸੀਂ ਸਟੀਮ ਵੀ ਦੇਵੋ
ਅਸੀਂ ਸਭ ਜਾਣਦੇ ਹਾਂ ਕਿ ਭਾਫ਼ ਦੇਣ ਨਾਲ ਬੱਚੇ ਨੂੰ ਜ਼ੁਕਾਮ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ। ਇਸ ਲਈ ਦਿਨ ਵਿਚ ਘੱਟੋ ਤੋਂ ਘੱਟ ਇਕ ਵਾਰ ਬੱਚੇ ਨੂੰ ਭਾਫ ਜਰੂਰ ਦਿਓ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਭਾਫ਼ ਦਿੰਦੇ ਹੋ ਤਾਂ ਇਹ ਬਹੁਤ ਵਧੀਆ ਰਹੇਗਾ। ਜੇਕਰ ਬੱਚਾ ਭਾਫ ਨਹੀਂ ਲੈਂਦਾ ਜਾਂ ਤੁਹਾਨੂੰ ਡਰ ਲੱਗਦਾ ਹੈ ਕਿ ਉਹ ਪਾਣੀ ਨਾ ਖਿਡਾਵੇ ਇਸ ਦੇ ਲਈ ਪਾਣੀ ਦਾ ਬਰਤਨ ਜਾਂ ਵੈਪੋਰਾਈਜ਼ਰ (ਭਾਫ਼ ਦੇਣ ਵਾਲ਼ੀ ਮਸ਼ੀਨ) ਜ਼ਮੀਨ ਤੇ ਰੱਖ ਲਓ ਅਤੇ ਬੱਚੇ ਨੂੰ ਪੇਟ ਦੇ ਭਾਰ ਬਿਸਤਰੇ’ ਤੇ ਲਿਟਾ ਦੇਵੋ। ਬੱਚੇ ਦਾ ਸਾਰਾ ਸਰੀਰ ਬਿਸਤਰੇ ਉਪਰ ਰਹਿਣ ਦਿਓ ਅਤੇ ਉਸਦਾ ਮੂੰਹ ਬੈਡ ਦੇ ਕਿਨਾਰੇ ਤੋਂ ਬਾਹਰ ਰੱਖ ਲਓ। ਬੱਚੇ ਨੂੰ ਚੰਗੀ ਤਰ੍ਹਾਂ ਫੜ ਲਵੋ ਤਾਂ ਜੋ ਬੱਚਾ ਡਿੱਗ ਨਾ ਸਕੇ ਇਸ ਤਰ੍ਹਾਂ ਭਾਫ ਆਸਾਨੀ ਨਾਲ ਬੱਚੇ ਤੱਕ ਪਹੁੰਚ ਜਾਵੇਗੀ।