ਅਸੀਂ ਸਭ ਜਾਣਦੇ ਹਾਂ ਕਿ ਅੱਜ-ਕੱਲ੍ਹ ਦੇ ਦੌਰ ਵਿਚ ਇਮਾਨਦਾਰੀ ਦੇ ਕਿਸ਼ੇ ਬਹੁਤ ਘੱਟ ਸੁਣਨ ਨੂੰ ਮਿਲਦੇ ਹਨ ਪਰ ਅਜੇ ਵੀ ਬਹੁਤ ਸਾਰੇ ਇਨਸਾਨ ਇਹੋ ਜਿਹੇ ਹਨ ਜਿਨ੍ਹਾਂ ਨੇ ਇਮਾਨਦਾਰੀ ਸਚਾਈ ਅਤੇ ਇਨਸਾਨੀਅਤ ਨੂੰ ਆਪਣੇ ਦਿਲ ਅੰਦਰ ਜਿਉਂਦੇ ਰੱਖਿਆ ਹੋਇਆ ਹੈ ਜਿਸ ਦੀ ਜਿਉਂਦੀ ਜਾਗਦੀ ਮਸਾਲ ਪੰਜਾਬ ਮਾਨਸਾ ਦੇ ਇਕ ਪਿੰਡ ਤੋਂ ਸਾਹਮਣੇ ਆਈ ਹੈ।
ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦਾ ਇਕ ਨੌਜਵਾਨ ਬਿਕਰਮਜੀਤ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਿਸੇ ਕੰਮ ਜਾ ਰਿਹਾ ਸੀ ਅਤੇ ਰਸਤੇ ਵਿਚ ਜਾਂਦਿਆਂ ਉਸ ਨੂੰ ਕਿਸੇ ਦਾ ਡਿੱਗਿਆ ਹੋਇਆ ਇਕ ਲਵਾਰਿਸ ਬੈਗ ਮਿਲਿਆ। ਜਦੋਂ ਬਿਕਰਮਜੀਤ ਸਿੰਘ ਨੇ ਉਸ ਬੈਗ ਨੂੰ ਖੋਲਿਆ ਤਾਂ ਦੇਖਿਆ ਉਸ ਵਿਚ ਕੀਮਤੀ ਸਮਾਨ ਸੋਨਾ ਚਾਂਦੀ ਦੇ ਗਹਿਣੇ ਅਤੇ ਨਕਦੀ ਅਤੇ ਮੋਬਾਈਲ ਫੋਨ ਸੀ।
ਫਿਰ ਇਸ ਤੋਂ ਬਾਅਦ ਨੌਜਵਾਨ ਵਲੋਂ ਇਸ ਬੈਗ ਦੀ ਜਾਣਕਾਰੀ ਆਪਣੇ ਪਿੰਡ ਵਾਸੀਆਂ ਅਤੇ ਮੌਜੂਦਾ ਪੰਚਾਇਤ ਨੂੰ ਦਿੱਤੀ ਗਈ। ਫਿਰ ਸਭ ਨੇ ਇਮਾਨਦਾਰੀ ਦਿਖਾਉਂਦੇ ਹੋਏ ਉਸ ਬੈਗ ਵਿਚੋਂ ਮਿਲੇ ਮੋਬਾਈਲ ਫੋਨ ਦੇ ਜਰੀਏ ਇਹ ਸਾਰੀ ਜਾਣਕਾਰੀ ਉਸ ਬੈਗ ਦੀ ਮਾਲਕ ਲੜਕੀ ਨੂੰ ਦਿੱਤੀ ਗਈ ਅਤੇ ਪੂਰੇ ਸਮਾਨ ਸਮੇਤ ਬੈਗ ਉਸ ਲੜਕੀ ਨੂੰ ਸੌਂਪਿਆ ਗਿਆ।
ਉਸ ਲੜਕੀ ਅਤੇ ਉਸ ਦੇ ਪਰਿਵਾਰ ਵਲੋਂ ਬਿਕਰਮਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਉਸ ਵਲੋਂ ਦਿਖਾਈ ਗਈ ਇਸ ਇਮਾਨਦਾਰੀ ਦੀ ਖੂਬ ਸ਼ਲਾਘਾ ਕੀਤੀ ਗਈ। ਇਨ੍ਹਾਂ ਹੀ ਨਹੀਂ ਸਗੋਂ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਇਮਾਨਦਾਰੀ ਦਿਖਾਉਣ ਲਈ ਪੰਚਾਇਤ ਅਤੇ ਪੁਲਿਸ ਦੀ ਹਾਜ਼ਰੀ ਵਿਚ ਸਨਮਾਨਿਤ ਵੀ ਕੀਤਾ ਗਿਆ। ਇਸ ਬਾਰੇ ਜਦੋਂ ਉਸ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਸ ਨੌਜਵਾਨ ਦੀ ਖੂਬ ਪ੍ਰਸੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਇਮਾਨਦਾਰ ਇਨਸਾਨਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਸਾਨੂੰ ਆਪਣੇ ਆਪ ਨੂੰ ਇਮਾਨਦਾਰ ਅਤੇ ਵਧੀਆ ਇਨਸਾਨ ਬਣਾਉਣਾ ਜਰੂਰੀ ਹੈ।