ਆਮ ਲੋਕਾਂ ਦਾ ਸਿਖਰ ਚੜ੍ਹੀ ਮਹਿੰਗਾਈ ਨੇ ਲੱਕ ਤੋੜਿਆ ਪਿਆ ਹੈ। ਨਿਤ ਕਮਾ ਕੇ ਖਾਣ ਵਾਲੇ ਹੇਠਲੇ ਵਰਗ ਦੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਆਮ ਦੇਖੇ ਜਾ ਸਕਦੇ ਹਨ ਅਜਿਹੇ ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬੀਆ ਲਈ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰ ਦਿੱਤੀ ਹੈ। 100 ਯੂਨਿਟ ਤੱਕ ਦੀ ਬਿਜਲੀ ਹੁਣ 1.19 ਰੁਪਏ ਵਿਚ ਪਵੇਗੀ, ਜੋ ਪਹਿਲਾਂ 4.19 ਰੁਪਏ ਪ੍ਰਤੀ ਯੂਨਿਟ ਪੈਂਦੀ ਸੀ। ਬਿਜਲੀ ਦਰਾਂ ਵਿੱਚ ਕੀਤੀ ਗਈ ਕਟੌਤੀ ਅੱਜ ਤੋਂ ਹੀ ਲਾਗੂ ਹੋ ਗਈ ਹੈ।
ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਹਰ ਘਰ ਤੋਂ ਬਿਜਲੀ ਦਾ ਬੋਝ ਘੱਟ ਕਰਦਿਆਂ ਸਾਡੀ ਸਰਕਾਰ ਨੇ ਸੂਬਾ ਵਾਸੀਆਂ ਦੀ ਜੋ ਮਹਿੰਗੀ ਬਿਜਲੀ ਨੂੰ ਲੈ ਕੇ ਚਿੰਤਾ ਸੀ ਉਸ ਨੂੰ ਦੂਰ ਕਰਦੇ ਹੋਏ ਬਿਜਲੀ ਦੇ ਰੇਟ 3 ਰੁ. ਪ੍ਰਤੀ ਯੂਨਿਟ ਘੱਟ ਕਰ ਦਿੱਤੇ ਹਨ। ਜਿਸ ਨਾਲ ਪੰਜਾਬੀਆਂ ਦੇ ਸਿਰੋਂ ਬਿਜਲੀ ਦੇ ਭਾਰੀ ਬਿੱਲਾਂ ਦਾ ਭਾਰ ਘਟੇਗਾ। ਸਾਡੀ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਇਹ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਕਿ ਅਸੀਂ ਆਪਣੇ ਲੋਕਾਂ ਦੇ ਹਿੱਤਾਂ ਲਈ ਫ਼ੈਸਲੇ ਲਈਏ ਤੇ ਉਹਨਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈਏ।
ਹੁਣ 7 ਕਿਲੋਵਾਟ ਤੱਕ ਦੇ ਖਪਤਕਾਰਾਂ ਲਈ ਬਿਜਲੀ 3 ਰੁਪਏ ਪਰ ਯੂਨਿਟ ਸਸਤੀ ਹੋ ਗਈ ਹੈ ਬਾਕੀ ਬਿਜਲੀ ਦਾ ਰੇਟ 100 ਯੂਨਿਟ ਤੱਕ 1 ਰੁਪਏ19 ਪੈਸੇ 100 ਤੋ 300 ਯੂਨਿਟ ਤੱਕ 4 ਰੁਪੈ 1ਪੈਸਾ 300 ਤੋਂ ਵੱਧ 5 ਰੁਪੈ 70 ਪੈਸੇ ਹੋ ਗਿਆ ਇਸ ਐਲਾਨ ਤੋਂ ਬਾਅਦ ਆਮ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਲੋਕ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਈਆਂ ਰਿਆਇਤਾਂ ਨਾਲ ਆਪਣੇ ਆਪ ਨੂੰ ਮਹਿੰਗਾਈ ਦੇ ਭਾਰ ਤੋਂ ਕੁਝ ਰਾਹਤ ਮਹਿਸੂਸ ਕਰ ਰਹੇ ਹਨ।