ਕਿਹੋ ਜਿਹਾ ਘੋਰ ਕਲਯੁੱਗ ਦਾ ਸਮਾਂ ਆ ਗਿਆ ਹੈ ਕਿਨੇਂ ਪੱਥਰ ਦਿਲ ਹੋ ਗਏ ਹਨ ਕੁਝ ਲੋਕ ਜਿਹੜੇ ਰੱਬ ਦੀ ਪ੍ਰਾਪਤ ਦਾਤ ਆਪਣੇ ਬੱਚਿਆਂ ਨੂੰ ਹੀ ਲਵਾਰਿਸ ਛੱਡ ਰਹੇ ਹਨ। ਅਜਿਹੀ ਹੀ ਦਿਲ ਕੰਬਾਊ ਖਬਰ ਅੰਮ੍ਰਿਤਸਰ ਤੋਂ ਆਈ ਹੈ। 7 ਨਵੰਬਰ ਐਤਵਾਰ ਦੀ ਸ਼ਾਮ ਨੂੰ 4 ਵਜੇ ਜੈਨਗਰ ਤੋਂ ਅੰਮ੍ਰਿਤਸਰ ਵਿਖੇ ਪਹੁੰਚੀ ਟ੍ਰੇਨ ਦੇ ਵਿੱਚ ਅਣਪਛਾਤੇ ਮਾਂਪਿਆਂ ਵਲੋਂ ਤਕਰੀਬਨ ਡੇਢ ਮਹੀਨਾ ਉਮਰ ਦੇ ਆਪਣੇ ਬੱਚੇ ਨੂੰ ਟ੍ਰੇਨ ਦੀ ਸੀਟ ਦੇ ਹੇਠਾਂ ਲੁਕਾ ਕੇ ਫਰਾਰ ਹੋਣ ਦੀ ਖਬਰ ਹੈ। ਇਸ ਬੱਚੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਹ ਭੁੱਖੇ ਹੋਣ ਕਾਰਨ ਵਿਲਕਦਾ ਹੋਇਆ ਰੌਣ ਲੱਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਟ੍ਰੇਨ ਮਹਿਕਮੇ ਦੀ ਸਫਾਈ ਕਰ ਰਹੀ ਮਹਿਲਾ ਕਰਮਚਾਰੀ ਨੂੰ ਸੁਣਾਈ ਦਿੱਤੀ ਤਾਂ ਉਸ ਨੇ ਇਸ ਬੱਚੇ ਨੂੰ ਟ੍ਰੇਨ ਦੀ ਸੀਟ ਦੇ ਥੱਲੇ ਪਿਆ ਦੇਖਿਆ।
ਤੁਰੰਤ ਮਹਿਲਾ ਵਲੋਂ ਇਸ ਦੀ ਸੂਚਨਾ ਆਰ.ਪੀ.ਐੱਫ. ਨੂੰ ਦਿੱਤੀ ਗਈ। ਮੌਕੇ ਉਪਰ ਪਹੁੰਚੀ ਆਰ.ਪੀ.ਐੱਫ. ਨੇ ਇਸ ਬੱਚੇ ਨੂੰ ਚਾਈਲਡ ਹੈਲਪਲਾਈਨ ਦੀ ਮਦਦ ਨਾਲ ਟ੍ਰੇਨ ਵਿਚੋਂ ਬਰਾਮਦ ਕਰ ਲਿਆ। ਮਹਿਲਾ ਵਲੋਂ ਬੱਚੇ ਨੂੰ ਟਰੇਨ ਦੀ ਸੀਟ ਥੱਲਿਓਂ ਬਾਹਰ ਕੱਢ ਕੇ ਪਹਿਲਾਂ ਤਾਂ ਉਸ ਨੂੰ ਪਾਣੀ ਪਿਆਇਆ ਗਿਆ ਅਤੇ ਫਿਰ ਉਸ ਨੂੰ ਚਾਈਲਡ ਹੈਲਪਲਾਈਨ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਬੱਚਾ ਫਿਲਹਾਲ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੈ ਅਤੇ ਉਸ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਵੀ ਕਰਵਾਇਆ ਜਾਣਾ ਹੈ। ਇਸ ਤੋਂ ਬਾਅਦ ਇਸ ਬੱਚੇ ਨੂੰ ਜਲੰਧਰ ਦੇ ਬੱਚੇ ਘਰ ਵਿਚ ਭਿਜਵਾਇਆ ਜਾਵੇਗਾ। ਇਸ ਮਾਮਲੇ ਬਾਰੇ ਜਾਂਚ ਪੜਤਾਲ ਕਰ ਰਹੀ ਜੀ.ਆਰ.ਪੀ. ਵਲੋਂ ਅਣਪਛਾਤੀਆਂ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਤਫਤੀਸ਼ ਦੌਰਾਨ ਪੁਲਸ ਵਲੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਰੇਲਵੇ ਸਟੇਸ਼ਨ ਉਤੇ ਲੱਗਿਆਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਜੀ.ਆਰ.ਪੀ. ਨੇ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਿਆ ਹੈ।