ਆਪਣੇ ਭਵਿੱਖ ਅਤੇ ਉਚੇਰੀ ਸਿੱਖਿਆ ਲਈ ਵਿਦੇਸ਼ਾਂ ਵਿਚ ਪੜ੍ਹਨ ਲਈ ਗਏ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਅਜਿਹੀ ਹੀ ਦੁਖਦਾਈ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ। ਇਥੋਂ ਦੇ ਨੌਂਜਵਾਨ ਦੀ ਭੇਦ ਭਰੀ ਹਲਾਤ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਆਪਣੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਵਿਚ ਗਏ ਨੌਜਵਾਨ ਪਰਮਿੰਦਰ ਸਿੰਘ ਪ੍ਰਿੰਸ S/O ਬਲਵਿੰਦਰ ਸਿੰਘ ਕਸਬਾ ਫਤੀਆਂਬਾਦ ਜ਼ਿਲ੍ਹਾ ਤਰਨਤਾਰਨ ਦੀ ਭੇਦ ਭਰੇ ਹਲਾਤ ਵਿੱਚ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਇਸ ਨੌਜਵਾਨ ਦੀ ਉਮਰ 24 ਸਾਲ ਕਰੀਬ ਹੈ। ਆਪਣੇ ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕੈਨੇਡਾ ਪੁਲਿਸ ਨੇ ਫੋਨ ਕਰਕੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਬੰਦ ਕਮਰੇ ਦੇ ਵਿੱਚੋਂ ਲਾਸ਼ ਮਿਲੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤਕਰੀਬਨ ਤਿੰਨ ਕੁ ਸਾਲ ਪਹਿਲਾਂ ਕੈਨੇਡਾ ਵਿਚ ਗਿਆ ਸੀ ਅਤੇ ਉਹ ਕੈਨੇਡਾ ਵਿਖੇ ਸਰੀ ਸ਼ਹਿਰ ਵਿਚ ਰਹਿ ਰਿਹਾ ਸੀ। ਇਸ ਪੀੜਤ ਪਰਿਵਾਰ ਨੇ ਭਾਰਤੀ ਅਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਉਨ੍ਹਾਂ ਕੋਲ ਭੇਜਿਆ ਜਾਵੇ ਅਤੇ ਜਾਂ ਕੈਨੇਡਾ ਸਰਕਾਰ ਮ੍ਰਿਤਕ ਨੌਜਵਾਨ ਦੇ ਮਾਂ ਪਿਓ ਨੂੰ ਕੈਨੇਡਾ ਜਾਣ ਦੇ ਲਈ ਵੀਜ਼ਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਆਪਣੇ ਪੁੱਤ ਨੂੰ ਅੰਤਿਮ ਵਿਦਾਈ ਦੇ ਸਕਣ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਿਚ ਆਪਣੇ ਮਾਤਾ ਪਿਤਾ ਤੋਂ ਇਲਾਵਾ ਦੋ ਭੈਣਾਂ ਵੀ ਹਨ। ਭੈਣਾਂ ਦਾ ਇਕਲੌਤੇ ਭਰਾ ਦੀ ਮੌਤ ਦੇ ਦੁੱਖ ਵਿਚ ਰੋ ਰੋ ਬੁਰਾ ਹਾਲ ਹੈ। ਹੇਠਾਂ ਦੇਖੋ ਇਸ ਖਬਰ ਨਾਲ ਜੁੜੀ ਵੀਡੀਓ ਰਿਪੋਰਟ