ਪੰਜਾਬ ਵਿਚ ਨਸ਼ਿਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਏ ਦਿਨ ਨਸੇ ਦਾ ਦੈਂਤ ਨੌਜਵਾਨ ਮੁੰਡਿਆਂ ਨੂੰ ਨਿਗਲ ਰਿਹਾ ਹੈ। ਸਰਕਾਰਾਂ ਨਸ਼ੇ ਤੇ ਕਾਬੂ ਪਾਉਣ ਦੇ ਆਪਣੇ ਭਾਸ਼ਣਾਂ ਵਿਚ ਫੋਕੇ ਦਾਅਵੇ ਕਰ ਰਹੀਆਂ ਹਨ। ਆਖਰ ਕਦੋਂ ਇਨ੍ਹਾਂ ਨਸੇ ਦੇ ਸੌਦਾਗਰਾਂ ਦੀ ਨਕੇਲ ਕਸੀ ਜਵੇਗੀ। ਆਖਰ ਕਦੋਂ ਨਸ਼ੇ ਕਾਰਨ ਮਰੇ ਆਪਣੇ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਤੇ ਪੈਂਦੇ ਮਾਵਾਂ ਦੇ ਵੈਣ ਰੁਕਣਗੇ।ਇਨ੍ਹਾਂ ਸਵਾਲਾਂ ਦੇ ਜਵਾਬ ਹਰ ਕੋਈ ਪੁਛ ਰਿਹਾ ਹੈ।
ਹੁਣ ਨਸ਼ੇ ਦੇ ਕਾਰਨ ਇਕ ਹੋਰ ਮੌਤ ਦਾ ਤਾਜ਼ਾ ਮਾਮਲਾ ਜਿਲ੍ਹਾ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਤੋਂ ਸਾਹਮਣੇ ਆਇਆ ਹੈ। ਇਥੇ ਗੁਰਜੰਟ ਸਿੰਘ ਨਾਮ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਜਿਸ ਦੀ ਉਮਰ ਤਕਰੀਬਨ 30 ਸਾਲ ਦੇ ਕਰੀਬ ਸੀ। ਮਰਨ ਵਾਲੇ ਨੌਜਵਾਨ ਦੇ ਦੋ ਛੋਟੇ ਛੋਟੇ ਬੱਚੇ ਇਕ ਲੜਕਾ ਅਤੇ ਇਕ ਲੜਕੀ ਹਨ। ਜਿਨ੍ਹਾਂ ਦੇ ਪਾਲਣ ਪੋਸ਼ਣ ਦਾ ਬੋਝ ਹੁਣ ਬਜੁਰਗ ਦਾਦਾ ਦਾਦੀ ਸਿਰ ਆ ਪਿਆ ਹੈ।
ਇਸ ਸਬੰਧੀ ਪਿੰਡ ਦੇ ਵਸਨੀਕਾਂ ਅਤੇ ਮ੍ਰਿਤਕ ਦੇ ਮਾਤਾ-ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਸ਼ਾਮ ਨੂੰ ਗੁਰਜੰਟ ਘਰੋਂ ਦੁੱਧ ਲੈਣ ਲਈ ਦੁਕਾਨ ਤੇ ਗਿਅਾ ਸੀ। ਪਿਛੋ ਕਿਸੇ ਵਿਅਕਤੀ ਨੇ ਘਰ ਆਕੇ ਦੱਸਿਆ ਕਿ ਉਹ ਡਿੱਗਿਆ ਪਿਆ ਹੈ। ਉਸ ਨੂੰ ਬੇਸੁਰਤੀ ਦੀ ਹਾਲਤ ਵਿਚ ਘਰ ਚੱਕ ਕੇ ਲਿਆਦਾ ਗਿਆ ਅਤੇ ਡਾਕਟਰ ਨੂੰ ਬੁਲਾਇਆ ਗਿਆ ਡਾਕਟਰ ਨੇ ਕਿਹਾ ਕਿ ਉਹ ਖਤਮ ਹੋ ਚੁਕਿਆ ਹੈ। ਫਿਰ ਵੀ ਪਰਿਵਾਰ ਦਾ ਮਨ ਨਾ ਖੜਿਆ ਤਾਂ ਗੱਡੀ ਵਿਚ ਪਾ ਕੇ ਹੋਰ ਡਾਕਟਰ ਨੂੰ ਦਿਖਾਉਣ ਲਈ ਲੈ ਗਏ। ਉਥੇ ਵੀ ਨਮੋਸ਼ੀ ਹੱਥ ਲੱਗੀ ਨਸ਼ੇ ਦੀ ਓਵਰਡੋਜ਼ ਉਸ ਦੀ ਜਾਨ ਲੈ ਚੁੱਕੀ ਸੀ।
ਮ੍ਰਿਤਕ ਦੀ ਮਾਂ ਮਨਜੀਤ ਕੌਰ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਹੈ ਕਿ ਨਸ਼ਿਆਂ ਤੇ ਕਾਬੂ ਪਾਉਣ ਲਈ ਸ਼ਖਤ ਕਦਮ ਚੁੱਕੇ ਜਾਣ। ਉਨ੍ਹਾਂ ਆਪਣੇ ਪਿੰਡ ਵਿਚ ਸ਼ਰੇਆਮ ਨਸ਼ੇ ਵਿਕਣ ਦੀ ਗੱਲ ਕਹੀ ਹੈ ਉਨ੍ਹਾਂ ਤਰਨਤਾਰਨ ਦੇ ਐੱਸ ਐੱਸ ਪੀ ਨੂੰ ਬੇਨਤੀ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਇਆ ਜਾ ਸਕੇ।