ਅਸੀਂ ਸਭ ਜਾਣਦੇ ਹਾਂ ਕਿ ਹਮੇਸ਼ਾ ਹੀ ਵਹੀਕਲਾਂ ਦੀ ਤੇਜ ਰਫਤਾਰ ਹਾਦਸਿਆਂ ਨੂੰ ਸੱਦਾ ਦਿੰਦੀ ਹੈ। ਕਦੇ ਨਾ ਪਹੁੰਚਣ ਨਾਲੋਂ ਦੇਰ ਪਹੁੰਚਣਾ ਹੀ ਠੀਕ ਹੈ। ਪਰ ਅਫਸੋਸ ਫਿਰ ਵੀ ਲੋਕ ਲਾਪ੍ਰਵਾਹੀ ਕਰ ਜਾਂਦੇ ਹਨ ਅਤੇ ਬੇਕਸੂਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੇ ਹਨ। ਇਸ ਤਰ੍ਹਾਂ ਹੀ ਤੇਜ ਰਫਤਾਰ ਟਿੱਪਰ ਡਰਾਈਵਰ ਵਲੋਂ ਜਿਲ੍ਹਾ ਪਟਿਆਲਾ ਦੇ ਪਿੰਡ ਟਿੱਕਰੀ ਵਾਲ ਚੌਕ ਵਿਖੇ ਇਕ ਸਕੂਟਰ ਸਵਾਰ ਨੂੰ ਕੁਚਲ ਦਿੱਤਾ ਗਿਆ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਮੇਨ ਹਾਈਵੇ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਟਰੱਕ ਦੇ ਹੇਠ ਆਏ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਦੋਂ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਇਹ ਮ੍ਰਿਤਕ ਫੌਜ ਦਾ ਸੇਵਾ ਮੁਕਤ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਜਿਹੜਾ ਕਿ ਕੰਨਟੀਨ ਤੋਂ ਲੋੜੀਂਦਾ ਸਮਾਨ ਲੈ ਕੇ ਵਾਪਸ ਪਰਤ ਰਿਹਾ ਸੀ।
ਇਸ ਹਾਦਸੇ ਬਾਰੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੀ ਚੌਕੀ ਮਾਡਲ ਟਾਊਨ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨ ਲਾਲ ਵਾਸੀ ਗਗਨ ਚੌਕ ਰਾਜਪੁਰਾ ਤੌਰ ਤੇ ਕੀਤੀ ਗਈ ਹੈ। ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਘਟਨਾ ਵਾਲੀ ਜਗ੍ਹਾ ਮੌਕੇ ਉਤੇ ਮੌਜੂਦ ਦੇਖਣ ਵਾਲੇ ਲੋਕਾਂ ਵਲੋਂ ਦੱਸਿਆ ਗਿਆ ਹੈ ਕਿ ਇਹ ਘਟਨਾ ਟਿੱਪਰ ਚਾਲਕ ਦੀ ਵੱਡੀ ਲਾਪ੍ਰਵਾਹੀ ਦੇ ਕਾਰਨ ਹੋਈ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਤੇਜ ਰਫਤਾਰ ਨਾਲ ਆ ਰਿਹਾ ਸੀ ਜਿਸ ਕਾਰਨ ਗੱਡੀ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਐਕਟਿਵਾ ਸਵਾਰ ਇਸ ਹਾਦਸੇ ਦੌਰਾਨ ਟਿੱਪਰ ਹੇਠ ਆ ਕੇ ਕੁਚਲਿਆ ਗਿਆ।