ਜਿਲ੍ਹਾ ਪਟਿਆਲੇ ਦੇ ਥਾਣਾ ਕੋਤਵਾਲੀ ਅਧੀਨ ਪੈਂਦੀ ਤੇਜਬਾਗ ਕਲੋਨੀ ਵਿੱਚ ਸ਼ਨੀਵਾਰ ਦੀ ਸਵੇਰੇ ਇੱਕ ਵਿਅਕਤੀ ਨੇ ਆਪਣੀ ਸਾਢੇ ਤਿੰਨ ਸਾਲ ਦੀ ਭਾਣਜੀ ਦੇ ਢਿੱਡ ਵਿੱਚ ਪੇਚਕਸ ਨਾਲ ਲਗਾਤਾਰ ਅਣਗਿਣਤ ਵਾਰ ਕਰਕੇ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਪੁਲਿਸ ਵਲੋਂ ਆਰੋਪੀ ਮਾਮਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਥਾਣਾ ਇੰਨਚਾਰਜ ਹਰਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਅਗਲੀ ਕਾਰਵਾਈ ਲਈ ਉਨ੍ਹਾਂ ਵਲੋਂ ਬੱਚੀ ਦੇ ਪਿਤਾ ਨੂੰ ਬੁਲਾਇਆ ਗਿਆ ਹੈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਦੁਆਰਾ ਕੇਸ ਨੂੰ ਦਰਜ ਕੀਤਾ ਜਾਵੇਗਾ।
ਥਾਣਾ ਇੰਨਚਾਰਜ ਨੇ ਦੱਸਿਆ ਕਿ ਸਾਢੇ ਤਿੰਨ ਸਾਲ ਦੀ ਮਾਹਿਰਾ ਆਪਣੀ ਮਾਂ ਨਿਸ਼ੀ ਦੇ ਨਾਲ ਕਪੂਰਥਲਾ ਤੋਂ ਦੋ ਦਿਨ ਪਹਿਲਾਂ ਹੀ ਪਟਿਆਲਾ ਦੀ ਤੇਜਬਾਗ ਕਲੋਨੀ ਵਿੱਚ ਆਪਣੇ ਨਾਨਕੇ ਘਰ ਆਈ ਸੀ। ਉਸਦੇ ਪਿਤਾ ਮਨੀਸ਼ ਗੁਪਤਾ ਦੋਵਾਂ ਨੂੰ ਛੱਡਕੇ ਗਏ ਸਨ। ਜਿਹੜੇ ਕਿ ਸਿੱਖਿਆ ਵਿਭਾਗ ਦੇ ਵਿੱਚ ਲੈਕਚਰਾਰ ਹਨ। ਦਰਅਸਲ ਉਸਦੇ ਨਾਨਾ ਦਾ ਆਪ੍ਰੇਸ਼ਨ ਹੋਣਾ ਸੀ। ਇਨੇ ਵਿੱਚ ਸ਼ਨੀਵਾਰ ਦੀ ਸਵੇਰੇ ਘਰ ਦੇ ਡਰਾਇੰਗ ਰੂਮ ਵਿੱਚ ਮਾਹਿਰਾ ਦੇ ਮਾਮੇ ਪੰਕਜ (36) ਨੇ ਪੇਚਕਸ ਨਾਲ ਭਾਣਜੀ ਦੇ ਢਿੱਡ ਵਿੱਚ ਕਰੀਬ 35 ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ।
ਇਹ ਕਤਲ ਪੁਲਿਸ ਦੇ ਦੱਸਣ ਮੁਤਾਬਕ ਜਿਸ ਵਕਤ ਹੋਇਆ ਉਦੋਂ ਸਾਰੇ ਲੋਕ ਘਰ ਵਿਚ ਹੀ ਸਨ। ਲੇਕਿਨ ਦੂਜੇ ਕਮਰੇ ਵਿੱਚ ਹੋਣ ਦੇ ਕਾਰਨ ਅਤੇ ਕੋਈ ਅਵਾਜ ਨਾ ਸੁਣਨ ਦੇ ਚਲਦਿਆਂ ਕਿਸੇ ਨੂੰ ਵੀ ਇਸ ਬਾਰੇ ਵਿੱਚ ਕੁੱਝ ਪਤਾ ਨਹੀਂ ਲੱਗਿਆ। ਜਦੋਂ ਕੁੱਝ ਦੇਰ ਤੱਕ ਬੱਚੀ ਕਿਧਰੇ ਨਹੀਂ ਦਿਖੀ ਤਾਂ ਮਾਂ ਨੇ ਘਰ ਵਿੱਚ ਏਧਰ ਓਧਰ ਵੇਖਿਆ ਤਾਂ ਉਸ ਵਕਤ ਡਰਾਇੰਗ ਰੂਮ ਦੇ ਫਰਸ਼ ਉੱਤੇ ਬੱਚੀ ਦੀ ਲਾਸ਼ ਖੂਨ ਦੇ ਨਾਲ ਲੱਥਪੱਥ ਪਈ ਮਿਲੀ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਆਰੋਪੀ ਮਾਮੇ ਨੂੰ ਗਿਰਫਤਾਰ ਕਰ ਲਿਆ।
ਅਰੋਪੀ ਬਾਰੇ ਪੁਲਿਸ ਦੇ ਦੱਸਣ ਮੁਤਾਬਕ, ਆਰੋਪੀ ਪੰਕਜ ਪਿਛਲੇ ਕਾਫ਼ੀ ਸਮੇਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਇਸ ਦੇ ਚਲਦਿਆਂ ਉਸ ਨੇ ਪਾਵਰਕਾਮ ਵਿੱਚ ਏਸਡੀਓ ਦੀ ਨੌਕਰੀ ਵੀ ਛੱਡ ਦਿੱਤੀ ਸੀ। ਉਹ ਪਿਛਲੇ ਕਰੀਬ ਇੱਕ ਸਾਲ ਤੋਂ ਪਬਜੀ ਗੇਮ ਖੇਡਣ ਦੀ ਅੱਤ ਭੈੜੀ ਆਦਤ ਦਾ ਵੀ ਸ਼ਿਕਾਰ ਹੋ ਚੁੱਕਿਆ ਸੀ। ਜਿਸਦੇ ਨਾਲ ਉਸਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ ਸੀ।