ਬੜੇ ਚਾਅ ਲਾਡ ਨਾਲ ਮਾਂ ਪਿਓ ਆਪਣੀ ਜਿਸ ਔਲਾਦ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ। ਉਸ ਨੂੰ ਪੈਰਾਂ ਉੱਤੇ ਖਡ਼ਾ ਹੋਣਾ ਸਿਖਾਉਂਦੇ ਹਨ। ਜੇਕਰ ਉਹੀ ਔਲਾਦ ਬੁਢੇਪੇ ਦੇ ਵਿੱਚ ਆਪਣੇ ਮਾਪਿਆਂ ਨੂੰ ਬੇਸਹਾਰਾ ਛੱਡ ਦੇਵੇ ਤਾਂ ਯਕੀਨਨ ਹਰ ਮਾਂ ਬਾਪ ਨੂੰ ਬਹੁਤ ਦੁੱਖ ਹੋਵੇਗਾ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਤਾਜਨਗਰੀ ਆਗਰਾ ਤੋਂ ਸਾਹਮਣੇ ਆਇਆ ਹੈ। ਜਿੱਥੇ 88 ਸਾਲ ਦੇ ਇਕ ਬੁਜੁਰਗ ਦਿਆਂ ਬੇਟਿਆਂ ਨੇ ਬੁਢੇਪੇ ਵਿੱਚ ਆਪਣੇ ਬਾਪ ਦਾ ਸਾਥ ਛੱਡ ਦਿੱਤਾ ਤਾਂ ਬਾਪ ਨੇ ਆਪਣੀ ਸਾਰੀ ਹੀ ਜਾਇਦਾਦ ਦੀ ਡੀ ਐਮ (DM) ਦੇ ਨਾਮ ਉੱਤੇ ਵਸੀਅਤ ਕਰਾ ਦਿੱਤੀ। ਜਿਸ ਤੋਂ ਬਾਅਦ ਇਹ ਮਾਮਲਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਮਾਮਲਾ ਥਾਣਾ ਛੱਤਾ ਅਧੀਨ ਨਿਰਾਲਾ ਬਾਦ ਪਿੱਪਲ ਮੰਡੀ ਦਾ ਹੈ। ਜਿੱਥੇ ਗਣੇਸ਼ ਸ਼ੰਕਰ ਪਾਂਡੇ ਨੇ ਆਪਣੇ ਭਰਾ ਨਿਰੇਸ਼ ਸ਼ੰਕਰ ਪੰਡਿਤ ਰਘੂਨਾਥ ਅਤੇ ਅਜਯ ਸ਼ੰਕਰ ਦੇ ਨਾਲ ਮਿਲਕੇ 1983 ਵਿੱਚ 1 ਹਜਾਰ ਗਜ ਜ਼ਮੀਨ ਨੂੰ ਖਰੀਦ ਕੇ ਆਲੀਸ਼ਾਨ ਘਰ ਬਣਵਾਇਆ ਸੀ। ਇਸ ਮਕਾਨ ਦੀ ਕੀਮਤ ਲੱਗਭਗ 13 ਕਰੋਡ਼ ਰੁਪਏ ਹੈ। ਵਕਤ ਦੇ ਨਾਲ ਚਾਰੇ ਭਰਾਵਾਂ ਨੇ ਆਪਣੇ ਘਰ ਦੀ ਤਕਸੀਮ ਕਰਾ ਲਈ। ਵਰਤਮਾਨ ਵਿੱਚ ਗਣੇਸ਼ ਸ਼ੰਕਰ ਚੌਥੇ ਹਿਸੇ ਘਰ ਦੇ ਮਾਲਿਕ ਹਨ। ਜਿਸ ਦੀ ਇਸ ਸਮੇਂ ਕੀਮਤ ਲੱਗਭਗ 3 ਕਰੋਡ਼ ਰੁਪਏ ਹੈ। ਉਥੇ ਹੀ ਗਣੇਸ਼ ਨੇ ਦੱਸਿਆ ਹੈ ਕਿ ਉਸ ਦੇ ਦੋ ਬੇਟੇ ਹਨ ਜੋ ਉਨ੍ਹਾਂ ਦਾ ਥੋੜ੍ਹਾ ਜਿਹਾ ਵੀ ਖਿਆਲ ਨਹੀਂ ਰੱਖਦੇ। ਦੋ ਵਕਤ ਦੀ ਰੋਟੀ ਖਾਣ ਲਈ ਉਨ੍ਹਾਂ ਨੂੰ ਆਪਣੇ ਭਰਾਵਾਂ ਦੇ ਘਰ ਜਾਣਾ ਪੈਂਦਾ ਹੈ। ਇਸ ਬੁਜੁਰਗ ਦਾ ਕਹਿਣਾ ਹੈ ਕਿ ਜਦੋਂ ਬੱਚੇ ਉਨ੍ਹਾਂ ਦਾ ਖਿਆਲ ਨਹੀਂ ਰੱਖ ਸਕਦੇ ਤਾਂ ਉਹ ਵੀ ਆਪਣੀ ਜਾਇਦਾਦ ਆਪਣੇ ਬੱਚਿਆਂ ਨੂੰ ਨਹੀਂ ਦੇਣਾ ਚਾਹੁੰਦੇ।
ਤੁਹਾਨੂੰ ਦੱਸ ਦੇਈਏ ਕਿ ਗਣੇਸ਼ ਸ਼ੰਕਰ ਵਲੋਂ ਅਗਸਤ 2018 ਵਿੱਚ ਡੀ ਐਮ ਆਗਰਾ ਦੇ ਨਾਮ ਉਤੇ ਆਪਣੇ ਮਕਾਨ ਦੀ ਵਸੀਅਤ ਕਰ ਦਿੱਤੀ ਗਈ ਸੀ ਅਤੇ ਹੁਣ ਕੁਲੈਕਟੋਰੇਟ ਜਾਕੇ ਜਨਤਾ ਦਰਸ਼ਨ ਦੇ ਵਿੱਚ ਉਨ੍ਹਾਂ ਵਲੋਂ ਸਿਟੀ ਮੈਜਿਸਟ੍ਰੇਟ ਪ੍ਰਤੀਪਾਲ ਚੁਹਾਨ ਨੂੰ ਇਹ ਰਜਿਸਟਰੀ ਸੌਂਪੀ ਗਈ ਹੈ। ਸਿਟੀ ਮੈਜਿਸਟ੍ਰੇਟ ਪ੍ਰਤੀਪਾਲ ਚੁਹਾਨ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਇਹ ਵਸੀਅਤ ਪ੍ਰਾਪਤ ਹੋਈ ਹੈ।