ਬੱਚੇ ਪੰਜਾਬ ਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣਾ ਮੇਰੇ ਜੀਵਨ ਦਾ ਟੀਚਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੱਚਿਆਂ ਨੂੰ ਹੈਲੀਕਾਪਟਰ ਦਾ ਝੂਟਾ ਦਵਾਇਆ ਗਿਆ। ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ ਪੇਜ ਤੇ ਬੱਚਿਆਂ ਨਾਲ ਕਲਿਕ ਕੀਤੀਆਂ ਆਪਣੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਅੱਜ ਰੋਜ਼ਾਨਾ ਦੇ ਕੰਮਕਾਜ ਦੇ ਦੌਰਾਨ ਮੋਰਿੰਡਾ ਵਿਖੇ ਹੈਲੀਕਾਪਟਰ ਕੋਲ ਇਹਨਾਂ ਬੱਚਿਆਂ ਨੂੰ ਖੇਡਦੇ ਦੇਖਿਆ ਤਾਂ ਮੈਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਅਸੀਂ ਛੋਟੇ ਹੁੰਦਿਆਂ ਅਸਮਾਨ ਦੇ ਵਿੱਚ ਉਡਦੇ ਉੱਡਣ ਖਟੋਲਿਆਂ ਨੂੰ ਦੇਖ ਦੇਖਕੇ ਇਹ ਸੋਚਦੇ ਹੁੰਦੇ ਸੀ ਕਿ ਕਦੇ ਸਾਨੂੰ ਇਨ੍ਹਾਂ ਵਿਚ ਝੂਟੇ ਲੈਣ ਦਾ ਮੌਕਾ ਮਿਲੇਗਾ ।
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਅੱਜ ਉਸ ਬਚਪਨ ਦੀਆਂ ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਮੈਂ ਪਿੰਡਾਂ ਦਿਆਂ ਕੁੱਝ ਬੱਚਿਆਂ ਨੂੰ ਹੈਲੀਕਾਪਟਰ ਦਾ ਝੂਟਾ ਦਿਵਾ ਕੇ ਉਨ੍ਹਾਂ ਦੇ ਅਸਮਾਨ ਛੂਹਣ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ।
ਉਹ ਲਿਖਦੇ ਹਨ ਕਿ ਮੈਂਨੂੰ ਇਨ੍ਹਾਂ ਨੂੰ ਮਿਲ ਕੇ ਅਤੇ ਇਨ੍ਹਾਂ ਨਾਲ ਗੱਲ ਕਰਕੇ ਇਹ ਮਹਿਸੂਸ ਹੋਇਆ ਹੈ ਕਿ ਪੰਜਾਬ ਦੇ ਵਿੱਚ ਕਾਬਲੀਅਤ ਦੀ ਕਮੀ ਨਹੀਂ ਹੈ ਬਸ ਇਨ੍ਹਾਂ ਬੱਚਿਆਂ ਨੂੰ ਸਾਡੇ ਵਲੋਂ ਸਹੀ ਮਾਰਗ ਦਰਸ਼ਨ ਦੇਣ ਦੀ ਲੋੜ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਲਿਖਦੇ ਹਨ ਕਿ ਮੇਰਾ ਇਨ੍ਹਾਂ ਸਮੇਤ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਹੈ ਕਿ ਮੈਂ ਉਨ੍ਹਾਂ ਦੇ ਚੰਗੇ ਬਿਹਤਰ ਭਵਿੱਖ ਦੀ ਸਿਰਜਣਾ ਕਰਨ ਦੇ ਲਈ ਹਰ ਹੀਲਾ ਕਰਦਾ ਰਹਾਂਗਾ। ਪੰਜਾਬ ਦੀ ਸਰਕਾਰ ਸਭ ਦੀ ਆਪਣੀ ਸਰਕਾਰ ਹੈ ਅਤੇ ਸਭ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਮੇਰੀ ਅਤੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਜਿੰਮੇਵਾਰੀ ਨੂੰ ਮੈਂ ਦਿਲੋਂ ਨਿਭਾਵਾਂਗਾ।