ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਰਾਤ ਨੂੰ ਸਰਹੱਦੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਛੋਟੇ ਕਿਸਾਨਾਂ ਦਾ ਹਾਲਚਾਲ ਜਾਨਣ ਲਈ ਲਈ ਪਿੰਡ ਖੁਆਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਲਿਆਂ ਦੇ ਨਾਲ ਸਮਾਂ ਬੀਤਾਇਆ ਅਤੇ ਉਨ੍ਹਾਂ ਦੇ ਹੱਥਾਂ ਦੀ ਬਣੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਜ਼ਮੀਨ ਉੱਤੇ ਬੈਠ ਕੇ ਖਾਧਾ। ਪਿੰਡ ਵਿੱਚ ਉਨ੍ਹਾਂ ਵਲੋਂ ਲੋਕਾਂ ਨੂੰ ਸਧਾਰਨ (ਸਾਦੇ) ਵਿਆਹ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਮੁੱਖ ਮੰਤਰੀ ਚੰਨੀ ਨੇ ਪਿੰਡ ਖੁਆਲੀ ਵਿੱਚ ਪਹੁੰਚ ਕੇ ਲੋਕਾਂ ਅਤੇ ਛੋਟੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਕਿਸਾਨਾਂ ਨਾਲ ਕੀਤੀ ਗੱਲਬਾਤ
ਮੁੱਖ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਕੋਲ 15 ਏਕਡ਼ ਜ਼ਮੀਨ ਹੈ। ਉਨ੍ਹਾਂ ਦੀ ਵੀ ਦੋ ਵਕਤ ਦੀ ਰੋਟੀ ਠੀਕ ਢੰਗ ਨਾਲ ਨਹੀਂ ਚੱਲ ਰਹੀ। ਸਖਤ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਜਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ CM ਨੂੰ ਕਿਹਾ ਕਿ ਹੁਣ ਪਰਿਵਾਰ ਵੱਡੇ ਹੋ ਰਹੇ ਹਨ ਅਤੇ ਕਿਸਾਨਾਂ ਦੇ ਕੋਲ ਜਮੀਨਾਂ ਛੋਟੀ ਹੁੰਦੀ ਜਾ ਰਹੀ ਹੈ।
ਅਜਿਹੇ ਵਿੱਚ ਪਰਿਵਾਰਾਂ ਨੂੰ ਪਾਲਣਾ ਆਸਾਨ ਨਹੀਂ ਹੈ। ਸਮੇਂ ਦੇ ਨਾਲ ਕਿਸਾਨਾ ਦੀ ਆਮਦਨੀ ਵੀ ਘੱਟ ਹੋ ਰਹੀ ਹੈ ਅਤੇ ਖਰਚੇ ਵੱਧਦੇ ਹੀ ਜਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਖੇਤੀ ਕਿਸਾਨੀ ਨੂੰ ਲਾਭਦਾਇਕ ਬਣਾਉਣ ਲਈ ਕਿਸਾਨਾਂ ਤੋਂ ਸੁਝਾਅ ਮੰਗੇ। ਇਸਦੇ ਨਾਲ ਹੀ ਉਨ੍ਹਾਂ ਨੇ ਪਰਾਲੀ ਦਾ ਠੀਕ ਢੰਗ ਨਾਲ ਨਬੇੜਾ ਕਰਨ ਲਈ ਵੀ ਕਿਸਾਨਾਂ ਕੋਲੋਂ ਸੁਝਾਅ ਮੰਗੇ।
ਵਿਆਹਾਂ ਵਿੱਚ ਖਰਚ ਕਰੋ ਘੱਟ
ਮੁੱਖ ਮੰਤਰੀ ਚੰਨੀ ਵਲੋਂ ਆਪਣੇ ਇਸ ਦੌਰੇ ਵਿੱਚ ਪਿੰਡਾਂ ਵਿੱਚ ਰਹਿ ਰਹੇ ਬਜੁਰਗਾਂ ਦੇ ਨਾਲ ਵੀ ਸਮਾਂ ਬਤੀਤ ਕੀਤਾ ਗਿਆ। ਉਨ੍ਹਾਂ ਨੇ ਬਜੁਰਗਾਂ ਤੋਂ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਉਨ੍ਹਾਂ ਨੂੰ ਸਰਕਾਰ ਦੇ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੇ ਬਾਰੇ ਵਿੱਚ ਵੀ ਦੱਸਿਆ। ਉਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਆਹਾਂ ਵਿੱਚ ਕੀਤੇ ਜਾ ਰਹੇ ਖਰਚ ਨੂੰ ਘਟਾਇਆ ਜਾਵੇ। ਦਿਖਾਵੇ ਲਈ ਕਿਸਾਨ ਆਪਣੀ ਆਮਦਨ ਨਾਲੋਂ ਜਿਆਦਾ ਖਰਚ ਕਰ ਦਿੰਦੇ ਹਨ ਅਤੇ ਅੰਤ ਵਿੱਚ ਉਨ੍ਹਾਂ ਨੂੰ ਕਰਜੇ ਦੇ ਬੋਝ ਹੇਠਾਂ ਆਉਣਾ ਪੈਂਦਾ ਹੈ।