ਮੋਬਾਇਲ ਤੇ ਗੇਮਾਂ ਖੇਡਣ ਦੀ ਬੁਰੀ ਆਦਤ ਦੇ ਅਨੇਕਾਂ ਬੱਚੇ ਆਦੀ ਹੋ ਚੁੱਕੇ ਹਨ। ਇਸੇ ਤਰ੍ਹਾਂ ਹੀ ਆਨਲਾਈਨ (Online) ਗੇਮਿੰਗ ਦੀ ਬੁਰੀ ਆਦਤ ਦੇ ਵਿੱਚ ਇੱਕ 14 ਸਾਲ ਦਾ ਮੁੰਡਾ ਆਪਣੇ ਮਾਂ ਬਾਪ ਨੂੰ ਛੱਡ ਕੇ ਗੁਜਰਾਤ ਦੇ ਵਲਸਾੜ ਤੋਂ 684 KM ਦੂਰ ਪਾਲੀ ਭੱਜ ਆਇਆ। ਵੀਰਵਾਰ ਸ਼ਾਮ ਪੁਆਇੰਟ ਮੈਨ ਨੇ ਉਸਨੂੰ ਰਾਣੀ ਰੇਲਵੇ ਸਟੇਸ਼ਨ ਤੇ ਭਟਕਦੇ ਹੋਇਆਂ ਦੇਖਿਆ ਤਾਂ ਉਸਨੇ ਰੇਲ ਗੱਡੀ ਦੇ ਬਾਰੇ ਵਿੱਚ ਉਸ ਤੋਂ ਪੁੱਛਿਆ।
ਸ਼ੱਕ ਹੋਣ ਤੇ ਕੋਲ ਬਿਠਾ ਕੇ ਪੂਰੀ ਜਾਣਕਾਰੀ ਲਈ ਤੇ ਅੱਗੇ ਸਟੇਸ਼ਨ ਮਾਸਟਰ ਨੂੰ ਪੂਰੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਕੋਲ ਲੈ ਗਿਆ। ਪਿਆਰ ਨਾਲ ਪੁੱਛਗਿਛ ਕੀਤੀ ਤਾਂ ਉਸਨੇ ਸਾਰੀ ਸੱਚੀ ਕਹਾਣੀ ਦੱਸੀ। ਇਹ ਮੁੰਡਾ ਘਰੋਂ ਭੱਜਣ ਤੋਂ ਪਹਿਲਾਂ ਉੱਥੇ ਇੱਕ ਲੈਟਰ ਛੱਡਕੇ ਆਇਆ ਸੀ। ਉਸ ਵਿੱਚ ਲਿਖਿਆ ਸੀ ਕਿ ਤੁਸੀਂ ਮੈਨੂੰ ਫਰੀ ਫਾਇਰ ਗੇਮ ਨਹੀਂ ਖੇਡਣ ਦਿੰਦੇ ਅਤੇ ਮੇਰੀ ਕੋਈ ਵੀ ਗੱਲ ਨਹੀਂ ਸੁਣਦੇ।
ਇਥੇ ਸਟੇਸ਼ਨ ਮਾਸਟਰ ਨੇ ਜਦੋਂ ਮੁੰਡੇ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਸਕੂਲ ਦਾ ਨਾਮ ਦੱਸਿਆ। ਸਟੇਸ਼ਨ ਮਾਸਟਰ ਨੇ ਗੂਗਲ ਉੱਤੇ ਸਕੂਲ ਦੇ ਨਾਮ ਨੂੰ ਸਰਚ ਕੀਤਾ। ਇੱਥੇ ਪ੍ਰਿੰਸੀਪਲ ਨਾਲ ਗੱਲ ਕੀਤੀ ਅਤੇ ਪਰਿਵਾਰਕ ਮੈਂਬਰ ਦਾ ਮੋਬਾਇਲ ਨੰਬਰ ਲੈ ਕੇ ਵੀਡੀਓ ਕਾਲ ਕੀਤਾ। ਸਟੇਸ਼ਨ ਮਾਸਟਰ ਵਿਨੋਦ ਕੁਮਾਰ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਰਾਣੀ ਰੇਲਵੇ ਸਟੇਸ਼ਨ ਉੱਤੇ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸਦੇ ਮਾਂ ਬਾਪ ਸਟੇਸ਼ਨ ਤੇ ਪਹੁੰਚੇ ਅਤੇ ਆਪਣੇ ਬੇਟੇ ਅਭੀਸ਼ੇਕ ਯਾਦਵ ਨੂੰ ਘਰ ਲੈ ਗਏ।
ਅਭੀਸ਼ੇਕ ਨੂੰ ਰਾਣੀ ਰੇਲਵੇ ਸਟੇਸ਼ਨ ਤੇ ਲੈਣ ਪਹੁੰਚੇ ਮਾਪੇ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵੀਰਵਾਰ ਦੀ ਸ਼ਾਮ ਨੂੰ ਇੱਕ 14 ਸਾਲ ਦਾ ਮੁੰਡਾ ਰਾਣੀ ਰੇਲਵੇ ਸਟੇਸ਼ਨ ਉੱਤੇ ਵਾਰ ਵਾਰ ਲੋਕਾਂ ਕੋਲੋਂ ਪੁੱਛ ਰਿਹਾ ਸੀ ਕਿ ਟ੍ਰੇਨ ਕਦੋਂ ਆਵੇਗੀ। ਇਹ ਦੇਖ ਕੇ ਪਾਇੰਟ ਮੈਨ ਕਿਸ਼ਨਾਰਾਮ ਉਸ ਨੂੰ ਸਟੇਸ਼ਨ ਮਾਸਟਰ ਦੇ ਕੋਲ ਲੈ ਗਿਆ। ਉਨ੍ਹਾਂ ਨੇ ਪਿਆਰ ਨਾਲ ਪੁੱਛਿਆ ਤਾਂ ਮੁੰਡੇ ਨੇ ਦੱਸਿਆ ਕਿ ਪਾਪਾ ਮਾਂ ਫਰੀ ਫਾਇਰ ਨਹੀਂ ਖੇਡਣ ਦਿੰਦੇ ਸਨ। ਮੋਬਾਇਲ ਖੌਹ ਲੈਂਦੇ ਸੀ। ਇਸ ਲਈ ਉਸ ਨੇ ਨਰਾਜ ਹੋਕੇ ਘਰ ਛੱਡ ਦਿੱਤਾ।
ਗੂਗਲ ਤੋਂ ਜਾਣਕਾਰੀ ਇਕੱਠੀ ਕਰਨ ਦੇ ਬਾਅਦ ਅਭੀਸ਼ੇਕ ਦੇ ਪਿਤਾ ਭਗਵਾਨ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੂੰ ਵੀ ਤਸੱਲੀ ਹੋਈ ਕਿ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਹੈ। ਮਾਂ ਬਾਪ ਦੇ ਸਟੇਸ਼ਨ ਉੱਤੇ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਅਭੀਸ਼ੇਕ ਵਲਸਾੜ ਗੁਜਰਾਤ ਤੋਂ 9 ਦਸੰਬਰ ਨੂੰ ਗਾਇਬ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਲੇਕਿਨ ਉਸਦੇ ਬਾਰੇ ਵਿੱਚ ਕੁੱਝ ਪਤਾ ਨਹੀਂ ਚੱਲ ਸਕਿਆ ਸੀ। ਅਭੀਸ਼ੇਕ ਦੇ ਪਰਿਵਾਰਕ ਮੈਂਬਰਾਂ ਨੇ ਗੁਜਰਾਤ ਦੇ ਵਲਸਾੜ ਖੇਤਰ ਵਿੱਚ ਉਸਦੀ ਗੁਮਸ਼ੁਦਗੀ ਦੇ ਪੋਸਟਰ ਵੀ ਛਪਵਾ ਕੇ ਲਾਏ ਸਨ।
ਅਭਿਸ਼ੇਕ ਨੇ ਲੈਟਰ ਵਿੱਚ ਲਿਖਿਆ
ਇਹ ਬੱਚਾ ਅਭਿਸ਼ੇਕ ਘਰ ਛੱਡਣ ਤੋਂ ਪਹਿਲਾਂ ਆਪਣੇ ਘਰ ਇੱਕ ਲੈਟਰ ਛੱਡ ਆਇਆ ਸੀ। ਉਸ ਲੈਟਰ ਵਿੱਚ ਲਿਖਿਆ ਸੀ। ਮੈਂ ਘਰ ਛੱਡ ਕੇ ਜਾ ਰਿਹਾ ਹਾਂ। ਮੈਨੂੰ ਭਾਲਣਾ ਨਾ ਮੈਂ ਘਰ ਤੋਂ 1 ਹਜਾਰ ਰੁਪਏ ਲੈ ਕੇ ਜਾ ਰਿਹਾ ਹਾਂ। ਸੌਰੀ ਮਾਂ ਪਾਪਾ ਦੀਦੀ ਅਤੇ ਭਰਾ ਮੈਨੂੰ ਜਾਣਾ ਹੋਵੇਗਾ। ਕਿਉਂਕਿ ਤੁਸੀਂ ਲੋਕ ਮੈਨੂੰ ਫਰੀ ਫਾਇਰ ਗੇਮ ਨਹੀਂ ਖੇਡਣ ਦਿੰਦੇ। ਮੇਰੀ ਸੁਣਦੇ ਵੀ ਨਹੀਂ। ਇਸ ਲਈ ਮੈਂ ਘਰ ਛੱਡ ਕੇ ਜਾ ਰਿਹਾ ਹਾਂ। ਮਾਂ ਤੂੰ ਰੋਣਾ ਨਹੀਂ ਮੈਂ ਬਹੁਤ ਚੰਗੀ ਤਰ੍ਹਾਂ ਰਹਾਂਗਾ। ਮਾਂ ਤੁਹਾਡੀ ਬਹੁਤ ਯਾਦ ਆਵੇਗੀ। ਮਾਂ ਪਾਪਾ ਨੂੰ ਦੱਸ ਦੇਣਾ ਮੈਂ ਜਾ ਰਿਹਾ ਹਾਂ। Sorry…ਅਭਿਸ਼ੇਕ ਇਹ ਲੈਟਰ ਛੱਡ ਕੇ ਘਰ ਤੋਂ ਭੱਜ ਆਇਆ ਸੀ।
ਅਭਿਸ਼ੇਕ ਦੇ ਘਰ ਵਾਲਿਆਂ ਦਾ ਕੀ ਕਹਿਣਾ
ਪਿਤਾ ਭਗਵਾਨ ਯਾਦਵ ਨੇ ਦੱਸਿਆ ਕਿ ਸਕੂਲ ਤੋਂ ਆਉਂਦੇ ਹੀ ਮੋਬਾਇਲ ਉੱਤੇ ਗੇਮ ਖੇਡਣ ਲੱਗ ਜਾਂਦਾ ਸੀ। ਪੜਾਈ ਵੀ ਨਹੀਂ ਕਰਦਾ ਸੀ। ਖਾਣੇ ਪਾਣੀ ਲਈ ਵੀ ਉਸਨੂੰ ਕਈ ਵਾਰ ਕਹਿਣਾ ਪੈਂਦਾ ਸੀ। ਮੋਬਾਇਲ ਉਸ ਦੇ ਹੱਥੋਂ ਲੈਂਦੇ ਤਾਂ ਰੋਣ ਲੱਗ ਜਾਂਦਾ। ਮੋਬਾਇਲ ਉੱਤੇ ਗੇਮ ਖੇਡਣ ਦੇ ਚੱਕਰ ਵਿੱਚ ਕਈ ਵਾਰ ਤਾਂ ਆਪਣੇ ਭਰਾ ਭੈਣਾਂ ਨਾਲ ਲੜਾਈ ਕਰਦਾ। ਉਸਦੀ ਇਹ ਭੈੜੀ ਆਦਤ ਛਡਾਉਣ ਲਈ ਮੋਬਾਇਲ ਨੂੰ ਦੂਰ ਰੱਖਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਨਰਾਜ ਹੋ ਕੇ ਉਹ ਘਰ ਛੱਡਕੇ ਇੱਥੇ ਆ ਗਿਆ। ਇਸ ਨੂੰ ਲੈ ਕੇ ਉਨ੍ਹਾਂ ਨੇ ਸਬੰਧਤ ਥਾਣੇ ਵਿੱਚ ਗੁਮਸ਼ੁਦਗੀ ਰਿਪੋਰਟ ਵੀ ਦਿੱਤੀ। ਪਿੰਡ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਅਭਿਸ਼ੇਕ ਦੀਆਂ ਫੋਟੋਆਂ ਵੀ ਲਾਈਆਂ। ਲੇਕਿਨ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। 16 ਦਸੰਬਰ ਦੀ ਸ਼ਾਮ ਨੂੰ ਅਭਿਸ਼ੇਕ ਦੇ ਰਾਣੀ ਰੇਲਵੇ ਸਟੇਸ਼ਨ ਤੇ ਹੋਣ ਦੀ ਜਾਣਕਾਰੀ ਮਿਲੀ ਤਾਂ ਕਿਤੇ ਮਨ ਨੂੰ ਸ਼ਾਂਤੀ ਮਿਲੀ।