ਲੁਧਿਆਣਾ ਦੇ ਮਲੇਰਕੋਟਲਾ ਰੋਡ ਤੇ ਸਥਿਤ ਜੀ ਐਨ ਈ ਕਾਲਜ ਦੇ ਸਾਹਮਣੇ ਮੰਗਲਵਾਰ ਦੀ ਦੁਪਹਿਰ ਨੂੰ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਜਾਨ ਚੱਲੀ ਗਈ ਹੈ ਜਦੋਂ ਕਿ ਤਿੰਨ ਹੋਰ ਲੋਕ ਗੰਭੀਰ ਹਾਲਤ ਵਿਚ ਜਖ਼ਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਵਲੋਂ ਇਸ ਹਾਦਸੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ।
ਇਸ ਹਾਦਸੇ ਵਾਲੀ ਥਾਂ ਮੌਕੇ ਉੱਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਵਲੋਂ ਮ੍ਰਿਤਕ ਨਿਸ਼ਾਨ ਸਿੰਘ ਦੇ ਸਰੀਰ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ। ਜਦੋਂ ਕਿ ਇਸ ਹਾਦਸੇ ਵਿਚ ਜਖ਼ਮੀ ਬਲਵਿੰਦਰ ਕੌਰ ਕੁਲਬੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਹਾਦਸੇ ਦੇ ਆਰੋਪੀ ਡਰਾਇਵਰ ਰਾਜਿੰਦਰ ਨੂੰ ਕਾਬੂ ਕਰਕੇ ਉਸਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ।
ਮਾਂ ਬੇਟੇ ਸਮੇਤ ਤਿੰਨ ਹੋਏ ਜਖਮੀ
ਦੁਪਹਿਰ ਕਰੀਬ ਸਵਾ ਕੁ 2 ਵਜੇ ਰਿਟਸ ਸਵਾਰ ਮਾਂ ਅਤੇ ਪੁੱਤਰ ਬਲਵਿੰਦਰ ਕੌਰ ਅਤੇ ਕੁਲਬੀਰ ਸਿੰਘ ਜਦੋਂ ਰੋਡ ਨੂੰ ਕਰਾਸ ਕਰ ਰਹੇ ਸਨ। ਉਸ ਵੇਲੇ ਸਾਹਮਣੇ ਤੋਂ ਆ ਰਹੇ ਓਵਰਸਪੀਡ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਘੜੀਸਦੇ ਹੋਏ 200 ਫੁੱਟ ਪਿੱਛੇ ਤੱਕ ਲੈ ਗਿਆ। ਪਿੱਛੇ ਹੀ ਏਕਟਿਵਾ ਸਵਾਰ ਨਿਸ਼ਾਨ ਸਿੰਘ ਸਨ। ਉਹ ਕਾਰ ਦੇ ਹੇਠਾਂ ਆ ਗਏ। ਇਸ ਤੋਂ ਬਾਅਦ ਉਸਨੇ ਰਿਟਸ ਕਾਰ ਨੂੰ ਇੱਕ ਸਵਿਫਟ ਨਾਲ ਅਤੇ ਬਾਇਕ ਸਵਾਰ ਜਸਪਾਲ ਸਿੰਘ ਨੂੰ ਵੀ ਟੱਕਰ ਮਾਰ ਦਿੱਤੀ। ਲੋਕਾਂ ਵਲੋਂ ਟਰੱਕ ਡਰਾਇਵਰ ਨੂੰ ਫੜ ਲਿਆ ਗਿਆ। ਨਿਸ਼ਾਨ ਸਿੰਘ ਦੀ ਮੌਤ ਹੋ ਗਈ ਅਤੇ ਜਖਮੀ ਜਸਪਾਲ ਨੂੰ ਪੀ ਜੀ ਆਈ ਰੇਫਰ ਕਰ ਦਿੱਤਾ ਗਿਆ ਹੈ । ਮਾਂ ਅਤੇ ਪੁੱਤਰ ਦੋਵਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।