ਪੈਸਿਆਂ ਦੇ ਲਾਲਚ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਵਾਲੇ ਨਸ਼ਾ ਤਸਕਰ ਤਰ੍ਹਾਂ ਤਰ੍ਹਾਂ ਹੱਥਕੰਡੇ ਵਰਤਦੇ ਹਨ। ਇਸੇ ਤਰ੍ਹਾਂ ਦਾ ਇਕ ਨਸ਼ਾ ਤਸਕਰ ਹਾਲ ਵਿਚ ਹੀ ਪੁਲਿਸ ਦੇ ਧੱਕੇ ਚੜਿਆ ਹੈ। ਐਸ ਟੀ ਐਫ ਇੰਨਚਾਰਜ ਹਰਬੰਸ ਸਿੰਘ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਆਰੋਪੀ ਹੀਰੋਇਨ ਦਾ ਧੰਧਾ ਕਰਦਾ ਹੈ। ਜੋ ਕਿ ਹੀਰੋਇਨ ਦੀ ਸਪਲਾਈ ਲੈ ਕੇ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ਉੱਤੇ ਸੇਖੇਵਾਲ ਰੋਡ ਉਪਰ ਆਰੋਪੀ ਨੂੰ ਰੋਕ ਲਿਆ। ਉਸ ਨੇ ਆਪਣੀ ਗੱਡੀ ਉੱਤੇ ਨੀਲੀ ਬੱਤੀ ਲਾਈ ਹੋਈ ਸੀ ਅਤੇ ਹੂਟਰ ਵਜਾ ਰਿਹਾ ਸੀ। ਜਦੋਂ ਪੁਲਿਸ ਵਲੋਂ ਆਰੋਪੀ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 985 ਗਰਾਮ ਹੀਰੋਇਨ ਅਤੇ ਇਕ ਤੋਲਣ ਵਾਲਾ ਕੰਡਾ ਬਰਾਮਦ ਹੋਇਆ । ਜਿਸ ਤੋਂ ਬਾਅਦ ਉਸ ਉੱਤੇ FIR ਰਜਿਸਟਰ ਕੀਤੀ ਗਈ।
ਇਹ ਆਰੋਪੀ ਟੈਕਸੀ ਡਰਾਇਵਰ ਯੂਪੀ ਬਰੇਲੀ ਤੋਂ ਲਿਆਉਂਦਾ ਸੀ ਨਸ਼ਾ
ਨਸ਼ਿਆਂ ਦੀ ਸਪਲਾਈ ਕਰਨ ਵਾਲੇ ਇਸ ਸ਼ਖਸ ਦੀ ਪਹਿਚਾਣ ਰਾਜ ਕੁਮਾਰ ਉਰਫ ਰਾਜੂ ਦੇ ਰੂਪ ਵਿੱਚ ਹੋਈ ਹੈ। ਜਦੋਂ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਗਈ ਤਾਂ ਉਸ ਦੌਰਾਨ ਇਸ ਆਰੋਪੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਟੈਕਸੀ ਡਰਾਇਵਰ ਹੈ। ਦੋ ਸਾਲ ਪਹਿਲਾਂ ਉਸ ਨੇ ਹੀਰੋਇਨ ਦਾ ਧੰਧਾ ਸ਼ੁਰੂ ਕੀਤਾ ਸੀ। ਉਸ ਤੋਂ ਪਹਿਲਾਂ ਉਹ ਭੁੱਕੀ ਦੀ ਸਪਲਾਈ ਕਰਦਾ ਸੀ। ਉਹ ਹੀਰੋਇਨ ਲੈਣ ਲਈ ਯੂਪੀ ਦੇ ਜਿਲ੍ਹੇ ਬਰੇਲੀ ਜਾਂਦਾ ਸੀ। ਤਸਕਰਾਂ ਤੋਂ ਹੀਰੋਇਨ ਲੈ ਕੇ ਲੁਧਿਆਣੇ ਆ ਕੇ ਉਸ ਨੂੰ ਤਿੰਨ ਗੁਣਾ ਵੱਧ ਰੇਟ ਉੱਤੇ ਵੇਚ ਦਿੰਦਾ ਸੀ। ਇਸ ਆਰੋਪੀ ਨੇ ਦੱਸਿਆ ਹੈ ਕਿ ਉਹ ਗੱਡੀ ਉੱਤੇ ਨੀਲੀ ਬੱਤੀ ਲਾ ਲੈਂਦਾ ਸੀ ਤਾਂਕਿ ਪੁਲਿਸ ਤੋਂ ਬਚ ਸਕੇ ਅਤੇ ਪੁਲਿਸ ਨੂੰ ਲੱਗੇ ਕਿ ਕੋਈ ਅਧਿਕਾਰੀ ਜਾ ਰਿਹਾ ਹੈ। ਬੱਤੀ ਲੱਗੀ ਕਰਕੇ ਕੋਈ ਗੱਡੀ ਨੂੰ ਨਹੀਂ ਰੋਕਦਾ ਸੀ।
ਨਸ਼ੇ ਦੇ ਪੈਸਿਆਂ ਨਾਲ ਖ੍ਰੀਦੇ ਈ ਰਿਕਸ਼ੇ, ਕਿਰਾਏ ਤੇ ਦਿੱਤੇ
ਇਸ ਮਾਮਲੇ ਤੇ ਪੁਲਿਸ ਦੇ ਮੁਤਾਬਕ ਇਸ ਆਰੋਪੀ ਨੇ ਨਸ਼ੇ ਦੀ ਕਮਾਈ ਨਾਲ ਆਪਣਾ ਨਵਾਂ ਧੰਧਾ ਸ਼ੁਰੂ ਕਰ ਲਿਆ ਸੀ। ਉਸ ਨੇ ਨਸ਼ੇ ਦੀ ਕਮਾਈ ਤੋਂ ਅੱਧੀ ਦਰਜਨ ਤੋਂ ਵੱਧ ਈ – ਰਿਕਸ਼ੇ ਖ੍ਰੀਦ ਲਏ ਸਨ। ਇਹ ਈ – ਰਿਕਸ਼ੇ ਕਿਰਾਏ ਉੱਤੇ ਦਿੱਤੇ ਹੋਏ ਸਨ। ਜਿਨ੍ਹਾਂ ਤੋਂ ਵੀ ਕਾਫੀ ਕਮਾਈ ਕਰ ਰਿਹਾ ਸੀ। ਇਸ ਤੋਂ ਇਲਾਵਾ ਆਰੋਪੀ ਨੇ ਪ੍ਰਾਪਰਟੀ ਵੀ ਬਣਾ ਲਈ ਸੀ। ਪੁਲਿਸ ਆਰੋਪੀ ਦੀ ਪ੍ਰਾਪਰਟੀ ਨੂੰ ਖੰਗਾਲ ਰਹੀ ਹੈ ਕਿ ਉਸਨੇ ਕਿਸ ਕਿਸ ਜਗ੍ਹਾ ਪ੍ਰਾਪਰਟੀ ਬਣਾਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸਨੇ ਨਸ਼ੇ ਦੇ ਪੈਸੇ ਨਾਲ ਪ੍ਰਾਪਰਟੀ ਬਣਾਈ ਹੋਈ ਹੈ। ਉਸਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ।
ਵਟਸਐੱਪ ਤੇ ਬਣਾਇਆ ਗਾਹਕਾਂ ਦਾ ਗਰੁੱਪ
ਇਸ ਮਾਮਲੇ ਦੀ ਪੜਤਾਲ ਦੇ ਦੌਰਾਨ ਪੁਲਿਸ ਨੇ ਆਰੋਪੀ ਦਾ ਮੋਬਾਇਲ ਕਬਜੇ ਵਿੱਚ ਲਿਆ ਹੈ। ਜਿਸ ਵਿੱਚ ਆਰੋਪੀ ਨੇ ਵਟਸਐੱਪ ਗਰੁੱਪ ਵੀ ਬਣਾ ਰੱਖੋ ਹਨ ਅਤੇ ਇਸ ਵਿੱਚ 10 ਤੋਂ 12 ਲੋਕ ਸ਼ਾਮਿਲ ਹਨ। ਉਸ ਵਿੱਚ ਕੁੱਝ ਭਾਅ (ਰੇਟ) ਦਿੱਤੇ ਹੋਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗਰੁੱਪ ਨਸ਼ਾ ਤਸਕਰੀ ਲਈ ਗਾਹਕਾਂ ਦਾ ਬਣਾਇਆ ਗਿਆ ਹੈ। ਜਿਸ ਕਰਕੇ ਉਸਦੇ ਸਾਰੇ ਨੰਬਰਾਂ ਨੂੰ ਕੱਢਿਆ ਜਾ ਰਿਹਾ ਹੈ।
ਇਸ ਆਰੋਪੀ ਨੇ ਫੋਨ ਉੱਤੇ ਇੱਕ ਦਿਨ ਵਿੱਚ 20 ਤੋਂ 22 ਇੰਟਰਨੈੱਟ ਕਾਲ ਕੀਤੀਆਂ ਹੋਈਆਂ ਹਨ। ਉਨ੍ਹਾਂ ਨੂੰ ਵੀ ਚੈੱਕ ਕਰਾਇਆ ਜਾ ਰਿਹਾ ਹੈ ਕਿ ਇਹ ਕਿਨ੍ਹਾਂ ਦੇ ਨੰਬਰ ਹਨ। ਇਸਦੇ ਲਈ ਟੈਕਨੀਕਲ ਵਿਭਾਗ ਤੋਂ ਵੀ ਮਦਦ ਲਈ ਜਾ ਰਹੀ ਹੈ। ਕਿਉਂਕਿ ਇਸ ਨੰਬਰਾਂ ਵਿੱਚ ਬਹੁਤੀਆਂ ਇੰਟਰਨੈੱਟ ਕਾਲਾਂ ਹਨ। ਇਸ ਲਈ ਇਸ ਨੂੰ ਟੈਕਨੀਕਲ ਢੰਗ ਨਾਲ ਹੱਲ ਕੀਤਾ ਜਾਵੇਗਾ।