ਪੰਜਾਬ ਵਿਚ ਟਾਂਡਾ ਉੜਮੁੜ ਦੇ ਨੇੜੇ ਪਿੰਡ ਜਾਜਾ ਵਿੱਚ ਪਿਛਲੇ ਰਾਤ ਦਿਲ ਨੂੰ ਦਿਹਲਾ ਦੇਣ ਵਾਲੀ ਵਾਰਦਾਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਇੱਕ ਨੂੰਹ ਨੇ ਬਾਹਰਲੇ ਕੁੱਝ ਲੋਕਾਂ ਨੂੰ ਬੁਲਾ ਕੇ ਆਪਣੀ ਸੱਸ ਅਤੇ ਸਹੁਰੇ ਨੂੰ ਜਿਉਂਦੇ ਜੀਅ ਸਾੜ ਦਿੱਤਾ। ਪੁਲਿਸ ਵਲੋਂ ਮੌਤ ਦਾ ਸ਼ਿਕਾਰ ਹੋਏ ਰਿਟਾਇਰਡ ਫੌਜੀ ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਦੇ ਪੁੱਤ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਉਸ ਦੀ ਪਤਨੀ ਮਨਦੀਪ ਕੌਰ ਸਹੁਰਾ ਨਿਸ਼ਾਨ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਵਿਚ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸਦਾ ਵਿਆਹ 28 ਫਰਵਰੀ 2021 ਨੂੰ ਹੋਇਆ ਸੀ ਅਤੇ ਉਹ ਪੁਰਤਗਾਲ ਵਿੱਚ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਉਸਦੀ ਪਤਨੀ ਜਦੋਂ ਕਾਫ਼ੀ ਲੰਬੇ ਸਮੇਂ ਤੱਕ ਕਿਸੇ ਨਾਲ ਨਾਜਾਇਜ ਸਬੰਧਾਂ ਦੇ ਚਲਦਿਆਂ ਕਿਸੇ ਨੂੰ ਫੋਨ ਕਰਦੀ ਰਹਿੰਦੀ ਸੀ ਤਾਂ ਉਸ ਨੂੰ ਰੋਕਣ ਤੇ ਉਹ ਆਪਣੀ ਸੱਸ ਅਤੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ। ਉਸ ਨੂੰ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਨਹੀਂ ਰੁਕੀ। ਇਨ੍ਹਾਂ ਹੀ ਨਹੀਂ ਉਸ ਤੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ।
ਜਦੋਂ ਰਵਿੰਦਰ ਸਿੰਘ ਪੁਰਤਗਾਲ ਵਿੱਚ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਫੋਨ ਕੀਤਾ ਕਿ ਮਨਦੀਪ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ। ਇਸ ਲਈ ਉਹ 7 ਦਸੰਬਰ 2021 ਨੂੰ ਵਾਪਸ ਘਰ ਆ ਗਿਆ ਸੀ। ਪਿਛਲੇ ਦਿਨ ਉਹ ਆਪਣੇ ਦੋਸਤ ਵਿਕਾਸ ਸ਼ਰਮਾ ਵਾਸੀ ਕਾਲ਼ਾ ਮੰਝ ਦੇ ਨਾਲ ਆਪਣੇ ਹੋਰ ਦੋਸਤ ਕੁਲਵਿੰਦਰ ਸਿੰਘ ਨੂੰ ਮਿਲਣ ਕੋਟਲੀ ਲੈਹਲ ਗਿਆ ਹੋਇਆ ਸੀ। ਜਦੋਂ ਰਾਤ ਨੂੰ 10 ਵਜੇ ਉਹ ਘਰ ਆਇਆ ਤਾਂ ਘਰ ਦੇ ਦਰਵਾਜੇ ਅੰਦਰ ਤੋਂ ਬੰਦ ਪਏ ਸਨ।
ਉਸ ਨੇ ਕਾਫ਼ੀ ਆਵਾਜਾਂ ਲਾਈਆਂ ਪਰ ਜਦੋਂ ਕਿਸੇ ਨੇ ਵੀ ਦਰਵਾਜਾ ਨਹੀਂ ਖੋਲ੍ਹਿਆ ਤਾਂ ਉਹ ਉਸ ਨੂੰ ਧੱਕਾ ਮਾਰ ਕੇ ਘਰ ਦੇ ਅੰਦਰ ਦਾਖਲ ਹੋਇਆ। ਕਮਰੇ ਵਿੱਚ ਉਸ ਦੀ ਪਤਨੀ ਕੁਰਸੀ ਉੱਤੇ ਆਪਣੇ ਆਪ ਨੂੰ ਬੰਨ੍ਹੇ ਹੋਣ ਦਾ ਨਾਟਕ ਕਰ ਰਹੀ ਸੀ। ਜਦੋਂ ਕਿ ਬਾਥਰੂਮ ਅਤੇ ਲਾਬੀ ਦੇ ਦਰਵਾਜੇ ਖੁੱਲੇ ਪਏ ਸਨ। ਦੂਜੇ ਕਮਰੇ ਵਿੱਚ ਉਸਦੇ ਮਾਤਾ ਪਿਤਾ ਦੀਆਂ ਬੁਰੀ ਤਰ੍ਹਾਂ ਜਲੀਆਂ ਲਾਸ਼ਾਂ ਪਈਆਂ ਸਨ। ਇਨ੍ਹੇ ਵਿੱਚ ਮਹੱਲੇ ਵਾਲੇ ਲੋਕਾਂ ਇਕੱਠਾ ਹੋ ਕੇ ਆਏ ਅਤੇ ਪੁਲਿਸ ਦੀ ਟੀਮ ਵੀ ਮੌਕੇ ਉੱਤੇ ਪਹੁੰਚ ਗਈ।
ਰਵਿੰਦਰ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੀ ਪਤਨੀ ਨੇ ਆਪਣੇ ਪਿਤਾ ਦੀ ਮਿਲੀਭੁਗਤ ਨਾਲ ਅਣਪਛਾਤੇ ਵਿਅਕਤੀਆਂ ਦੀ ਮਦਦ ਦੇ ਨਾਲ ਉਸ ਦੇ ਮਾਤਾ ਪਿਤਾ ਨੂੰ ਸਾੜ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਡੀ. ਐੱਸ. ਪੀ. DSP ਟਾਂਡਾ ਰਾਜ ਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।