ਪੰਜਾਬ ਰਾਜ ਵਿਚ ਕਪੂਰਥਲਾ ਨੇੜੇ ਪਿੰਡ ਉੱਚਾ ਬੇਟ ਵਿੱਚ 15 ਸਾਲ ਦੇ ਲੜਕੇ ਦੀ ਘਰ ਦੀ ਛੱਤ ਤੇ ਪਤੰਗਬਾਜ਼ੀ ਕਰਦੇ ਵਕਤ ਥੱਲ੍ਹੇ ਡਿੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਵਿਚ ਮ੍ਰਿਤਕ ਜਸ਼ਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਜਸ਼ਨਦੀਪ ਸਿੰਘ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਦੀ ਮੌਤ ਤੋਂ ਬਾਅਦ ਉਹ ਹੀ ਜਸ਼ਨਦੀਪ ਸਿੰਘ ਦਾ ਪਾਲਣ ਪੋਸਣ ਕਰ ਰਹੇ ਸਨ। ਉਹ ਉਸਦੇ ਭਵਿੱਖ ਨੂੰ ਲੈ ਕੇ ਅਨੇਕਾਂ ਅਰਮਾਨ ਸਜਾਈ ਬੈਠੇ ਸਨ। ਪਰ ਹੋਣੀ ਨੂੰ ਤਾਂ ਕੁੱਝ ਹੋਰ ਹੀ ਮਨਜ਼ੂਰ ਸੀ।
ਇਸ ਘਟਨਾ ਸਬੰਧੀ ਮ੍ਰਿਤਕ ਦੀ ਦਾਦੀ ਮਾਂ ਨੇ ਦੱਸਿਆ ਕਿ ਉਹ ਕਦੇ ਕਦਾਈਂ ਪਤੰਗ ਉਡਾਉਣ ਲਈ ਛੱਤ ਤੇ ਚੜ੍ਹ ਜਾਂਦਾ ਸੀ। ਜਿਸ ਦਾ ਪਰਿਵਾਰ ਵਲੋਂ ਵਿਰੋਧ ਵੀ ਕੀਤਾ ਜਾਂਦਾ ਸੀ। ਦਾਦੀ ਨੇ ਦੱਸਿਆ ਕਿ ਉਹ ਰੋਟੀ ਬਣਾਉਣ ਲੱਗੀ ਸੀ ਅਤੇ ਉਸ ਨੇ ਛੱਤ ਤੇ ਚੜ੍ਹੇ ਜਸ਼ਨਦੀਪ ਨੂੰ ਖਾਣਾ ਖਾਣ ਦੇ ਲਈ ਥੱਲੇ ਆਉਣ ਨੂੰ ਕਿਹਾ ਤਾਂ ਜਸਨਦੀਪ ਸਿੰਘ ਕਹਿਣ ਲੱਗਿਆ ਕਿ ਉਹ ਗੁਆਂਢੀਆਂ ਦੇ ਮੁੰਡੇ ਦਾ ਪਤੰਗ ਫੜਾ ਕੇ ਆਉਂਦਾ ਹੈ। ਜਸਨਦੀਪ ਸਿੰਘ ਬਹਾਨਾ ਬਣਾ ਕੇ ਕੋਠੇ ਤੇ ਚੜ ਗਿਆ ਅਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਸ਼ਨਦੀਪ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਜਸ਼ਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਉਡਾਣ ਤੇ ਮੁਕੰਮਲ ਰੋਕ ਲਗਾ ਦਿੱਤੀ ਜਾਵੇ ਤਾਂ ਕਿ ਮੁੜ ਕੋਈ ਵੀ ਹੋਰ ਅਜਿਹੀ ਮੰਦਭਾਗੀ ਘਟਨਾ ਨਾ ਹੋਵੇ।
ਭੈਣ ਦਾ ਇਕਲੌਤਾ ਭਰਾ ਸੀ
ਤੁਹਾਨੂੰ ਦੱਸ ਦੇਈਏ ਕਿ ਜਸਨਦੀਪ ਸਿੰਘ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਜਸ਼ਨਦੀਪ ਸਿੰਘ ਦੀ ਉਮਰ 6 ਸਾਲ ਅਤੇ ਉਸ ਦੀ ਭੈਣ ਦੀ ਉਮਰ 4 ਸਾਲ ਦੀ ਸੀ। ਜਦੋਂ ਇਨ੍ਹਾਂ ਦੀ ਮਾਂ ਇਨ੍ਹਾਂ ਨੂੰ ਸਦਾ ਲਈ ਛੱਡ ਕੇ ਦੁਨੀਆਂ ਤੋਂ ਚਲੀ ਗਈ ਸੀ। ਇਨ੍ਹਾਂ ਮਾਸੂਮ ਬੱਚਿਆਂ ਦੀ ਮਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਦੀ ਦਾਦੀ ਨੇ ਹੀ ਇਨ੍ਹਾਂ ਦੋਵੇਂ ਭੈਣ ਭਰਾ ਨੂੰ ਪਾਲਿਆ ਪੋਸਿਆ।