ਪੰਜਾਬ ਵਿਚ ਪਿੰਡ ਮੱਲ ਕਟੋਰਾ Shri Muktsar Sahib ਵਾਸੀ ਚੰਨਣ ਸਿੰਘ ਨੇ ਆਪਣੀ ਵੱਡੀ ਪੁੱਤਰੀ ਰਜਿਦਰ ਕੌਰ ਦਾ ਵਿਆਹ ਖੰਡੂਰ ਸਾਹਿਬ (ਤਰਨਤਾਰਨ) ਦੇ ਪਿੰਡ ਸੰਘਿਆ ਵਾਸੀ ਸਾਬਕਾ ਸਰਪੰਚ ਗੁਰਇਕਬਾਲ ਸਿੰਘ ਦੇ ਪੁੱਤਰ ਸਤਬੀਰ ਸਿੰਘ ਨਾਲ 12 ਸਾਲ ਪਹਿਲਾਂ ਕੀਤਾ ਸੀ। ਸਤਬੀਰ ਸਿੰਘ ਇੰਗਲੈਂਡ ਦੇ ਵਿੱਚ ਰਹਿੰਦਾ ਹੈ। ਸਤਬੀਰ ਸਿੰਘ ਆਪਣੇ ਸਾਲੇ ਅਮੋਲਕਦੀਪ ਸਿੰਘ ਦੇ ਵਿਆਹ ਵਿੱਚ ਸ਼ਾਮਿਲ ਹੋਣ ਦੇ ਲਈ ਇੰਗਲੈਂਡ ਤੋਂ 10 ਦਸੰਬਰ ਨੂੰ ਪੰਜਾਬ ਪਰਤਿਆ ਸੀ। ਸਤਬੀਰ ਸਿੰਘ ਵਾਪਸ ਇਗਲੈਂਡ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਸੋਮਵਾਰ ਦੀ ਸਵੇਰੇ ਮੰਦਭਾਗੇ ਹਾਦਸੇ ਦੀ ਖਬਰ ਨੇ ਸਭ ਨੂੰ ਦੁੱਖੀ ਕਰ ਦਿੱਤਾ।
ਹਾਦਸੇ ਵਿੱਚ ਮਰਨ ਵਾਲੇ ਚੰਨਣ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਵਿਦਰ ਕੌਰ ਨੇ ਆਪਣੇ ਇਕਲੌਤੇ ਪੁੱਤਰ ਅਮੋਲਕਦੀਪ ਸਿੰਘ ਦੇ ਵਿਆਹ ਦੀ ਖੁਸ਼ੀ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਸ਼ਨੀਵਾਰ ਨੂੰ ਸ੍ਰੀ ਗੁਰੂਦੁਆਰਾ ਸਾਹਿਬ ਬੀੜ ਬਾਬਾ ਬੁੱਢਾ ਜੀ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀ। ਸਵੇਰੇ ਦਸ ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਣਾ ਸੀ। ਭੋਗ ਦੇ ਮੌਕੇ ਉੱਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਾਂਦੇ ਸਮੇਂ ਨੌਸ਼ਹਰਾ ਪੰਨੂਆ ਦੇ ਕੋਲ ਮਿੱਟੀ ਲੈ ਕੇ ਜਾ ਰਹੀ ਇਕ ਟਰੈਕਟਰ ਟ੍ਰਾਲੀ ਇਸ ਪਰਿਵਾਰ ਦੇ ਮੈਬਰਾਂ ਲਈ ਕਾਲ ਬਣੀ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਪਰਿਵਾਰ ਦੇ ਚਾਰ ਮੈਬਰਾਂ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ ਚੰਨਣ ਸਿੰਘ ਦੇ ਭਤੀਜੇ ਅਜੈਪਾਲ ਸਿੰਘ 25 ਸਾਲ ਦੀ ਮੌਤ ਹੋ ਗਈ। ਅਜੈਪਾਲ ਸਿੰਘ ਦੇ ਪਰਿਵਾਰ ਵਿੱਚ ਪਤਨੀ ਅਤੇ ਚਾਰ ਸਾਲ ਦਾ ਇਕ ਪੁੱਤਰ ਹੈ।
ਮੌਕੇ ਉੱਤੇ ਜਾਣਕਾਰੀ ਦਿੰਦਿਆਂ ਚੰਨਣ ਸਿੰਘ ਦੇ ਰਿਸ਼ਤੇਦਾਰ ਮਨਵਿੰਦਰ ਸਿੰਘ ਖੁਸ਼ਦੀਪ ਸਿੰਘ ਚਰਨਜੀਤ ਸਿੰਘ ਬਲਬੀਰ ਸਿੰਘ ਮਲਕੀਤ ਸਿੰਘ ਮਨਦੀਪ ਸਿੰਘ ਨੇ ਦੱਸਿਆ ਕਿ ਚੰਨਣ ਸਿੰਘ ਨੇ ਪਿੰਡ ਸੰਘਿਆ ਰਹਿੰਦੀ ਆਪਣੀ ਪੁੱਤਰੀ ਰਜਿਦਰ ਕੌਰ ਦੇ ਘਰ ਵਿੱਚ ਨਵੀਂ ਜੋੜੀ ਨੂੰ ਅਮੋਲਕਦੀਪ ਸਿੰਘ ਗਗਨਦੀਪ ਕੌਰ ਨੂੰ ਲੈ ਕੇ ਜਾਣਾ ਸੀ। ਬੇਟੇ ਦੇ ਵਿਆਹ ਦੀ ਪਹਿਲੀ ਲੋਹੜੀ ਮਨਾਉਣ ਲਈ ਆਪਣੀ ਪੁੱਤਰੀ ਦੇ ਸਹੁਰੇ ਘਰ ਪਰਿਵਾਰ ਨੂੰ ਨਿਓਤਾ ਦੇਣਾ ਸੀ ਕਿ ਹਾਦਸੇ ਨੇ ਦੋਵਾਂ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ।
ਆਪਣੇ ਪਤੀ ਦਾ ਪੁੱਛਦੀ ਰਹੀ ਵਾਰ ਵਾਰ ਹਾਲ
ਇਸ ਹਾਦਸੇ ਵਿੱਚ ਗੰਭੀਰ ਜਖ਼ਮੀ ਹੋਏ ਅਮੋਲਕਦੀਪ ਸਿੰਘ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇੱਕ ਪਾਸੇ ਅਮੋਲਕਦੀਪ ਸਿੰਘ ਦੀ ਸਿਹਤ ਲਈ ਰਿਸ਼ਤੇਦਾਰ ਅਰਦਾਸ ਕਰਦੇ ਰਹੇ ਅਤੇ ਦੂਜੇ ਪਾਸੇ ਇੱਕ ਇੱਕ ਕਰਕੇ ਚਾਰ ਮ੍ਰਿਤਕ ਸਰੀਰਾਂ ਨੂੰ ਦੇਖਕੇ ਵਿਰਲਾਪ ਕਰਦੇ ਰਹੇ। ਇਸ ਹਾਦਸੇ ਦੇ ਦੌਰਾਨ ਜਖ਼ਮੀ ਨਵੀਂ ਵਿਆਹੁਤਾ ਗਗਨਦੀਪ ਕੌਰ ਵਾਰ ਵਾਰ ਆਪਣੇ ਪਤੀ ਅਮੋਲਕਦੀਪ ਸਿੰਘ ਦੇ ਬਾਰੇ ਵਿੱਚ ਪੁੱਛਦੀ ਰਹੀ। ਅਖੀਰ ਗਗਨਦੀਪ ਕੌਰ ਨੇ ਜਦੋਂ ਦਮ ਤੋੜਿਆ ਤਾਂ ਹੱਥਾਂ ਵਿੱਚ ਸਗਨਾਂ ਦੀ ਮਹਿੰਦੀ ਅਤੇ ਬਾਹਾਂ ਵਿੱਚ ਲਾਲ ਚੂੜਾ ਸੀ।
ਆਰੋਪੀ ਡਰਾਈਵਰ ਦੇ ਖਿਲਾਫ ਕੇਸ ਦਰਜ
ਥਾਣਾ ਸਰਹਾਲੀ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਹਾਦਸੇ ਦਾ ਕਾਰਨ ਬਣੀ ਟਰੈਕਟਰ ਟ੍ਰਾਲੀ ਨੰਬਰ ਪੀਬੀ 46 ਏ ਐਫ 2410 ਦੇ ਡਰਾਈਵਰ ਗੁਰਸੇਵਕ ਸਿੰਘ ਵਾਸੀ ਪਿੰਡ ਵਰਿਆ ਕਲਾਂ ਥਾਣਾ ਚੋਹਲਾ ਸਾਹਿਬ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।