ਪੰਜਾਬ ਰਾਜ ਦੇ ਜਿਲ੍ਹਾ ਲੁਧਿਆਣਾ ਵਿਚ ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਮਹੱਲਾ ਹੀਰਾ ਨਗਰ ਵਿੱਚ ਇੱਕ ਵਿਆਹੀ ਹੋਈ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਥਾਣਾ ਪੁਲਿਸ ਵਲੋਂ ਮ੍ਰਿਤਕਾ ਦੇ ਪਤੀ ਸੱਸ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਬਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਪਹਿਚਾਣ ਗੀਤਾਂਜਲੀ ਉਰਫ ਖੁਸ਼ਬੂ ਪਤਨੀ ਗਗਨ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਤੇ ਜਾਂਚ ਅਧਿਕਾਰੀ ਏ. ਏਸ. ਆਈ. ASI ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਘਣਸ਼ਾਮ ਵਾਸੀ ਕਾਕੋਵਾਲ ਰੋਡ ਵਲੋਂ ਪੁਲਿਸ ਨੂੰ ਇਕ ਸ਼ਿਕਾਇਤ ਦਿੱਤੀ ਗਈ ਹੈ। ਇਸ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰੀਬ ਡੇਢ ਕੁ ਸਾਲ ਪਹਿਲਾਂ ਗਗਨ ਪੁੱਤਰ ਮੁਕੇਸ਼ ਦੇ ਨਾਲ ਕੀਤਾ ਸੀ।
ਗਗਨ ਨਸ਼ੇ ਕਰਨ ਦਾ ਆਦੀ ਹੈ ਅਤੇ ਕੋਈ ਕੰਮ ਕਾਜ ਵੀ ਨਹੀਂ ਕਰਦਾ। ਵਿਆਹ ਤੋਂ ਬਾਅਦ ਖੁਸ਼ਬੂ ਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਹੀ ਦਹੇਜ ਲਈ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਮਾਰ ਕੁੱਟ ਕਰਦੇ ਰਹਿੰਦੇ ਸਨ। ਬੀਤੀ ਸਵੇਰੇ ਉਨ੍ਹਾਂ ਨੂੰ ਪਤਾ ਚਲਿਆ ਕਿ ਉਨ੍ਹਾਂ ਦੀ ਧੀ ਨੇ ਪੰਖੇ ਦੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ ਹੈ।
ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਖੁਸ਼ਬੂ ਦਾ ਮ੍ਰਿਤਕ ਸਰੀਰ ਜ਼ਮੀਨ ਉੱਤੇ ਪਿਆ ਸੀ ਅਤੇ ਗਲੇ ਤੇ ਨਿਸ਼ਾਨ ਸਨ। ਮ੍ਰਿਤਕਾ ਦੇ ਪਿਤਾ ਨੇ ਪੁਲਿਸ ਦੇ ਅੱਗੇ ਸ਼ੱਕ ਜਾਹਿਰ ਕੀਤਾ ਹੈ ਕਿ ਉਨ੍ਹਾਂ ਦੀ ਧੀ ਜੋ ਕਿ ਗਰਭਵਤੀ ਸੀ ਉਸ ਦਾ ਸਹੁਰੇ ਪਰਿਵਾਰ ਵਾਲਿਆਂ ਨੇ ਕਤਲ ਕੀਤਾ ਹੈ।
ਇਸ ਮਾਮਲੇ ਵਿਚ ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਦੌਰਾਨ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਰਹੇ ਹਨ ਅਤੇ ਉਸ ਦੇ ਪਿਤਾ ਦੇ ਬਿਆਨਾਂ ਉੱਤੇ ਪਤੀ ਗਗਨ ਸੱਸ ਮੋਹਣੀ ਅਤੇ ਪਰਿਵਾਰ ਦੇ ਹੋਰ ਮੈਬਰਾਂ ਦੇ ਖਿਲਾਫ ਸਾਜਿਸ਼ ਰਚਣ ਅਤੇ ਮ੍ਰਿਤਕਾ ਨੂੰ ਮਰਨ ਦੇ ਲਈ ਮਜਬੂਰ ਕਰਨ ਦੇ ਇਲਜ਼ਾਮ ਦੇ ਅਨੁਸਾਰ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੇ ਤੱਥਾਂ ਦੀ ਜਾਂਚ ਪੜਤਾਲ ਕਰਦੇ ਹੋਏ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ।
ਅੱਗੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮ੍ਰਿਤਕਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪੰਖੇ ਨਾਲ ਲਮਕਾ ਦਿੱਤਾ ਗਿਆ ਹੋਵੇ, ਜੋ ਕਿ ਜਾਂਚ ਦਾ ਵਿਸ਼ਾ ਹੈ। ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਅਤੇ ਮੁੱਢਲੇ ਤੱਥਾਂ ਦੀ ਡੂੰਘਾਈ ਦੇ ਨਾਲ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵਲੋਂ ਮ੍ਰਿਤਕਾ ਦੇ ਪਤੀ ਗਗਨ ਅਤੇ ਸੱਸ ਮੋਹਣੀ ਨੂੰ ਹਿਰਾਸਤ ਵਿੱਚ ਲੈ ਕੇ ਬਾਕੀ ਦੇ ਪਰਵਾਰਿਕ ਮੈਬਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ