ਪੰਜਾਬ ਵਿਚ ਬਟਾਲਾ ਦੇ ਕਾਰੋਬਾਰੀ ਤੋਂ ਬੀਤੇ 25 ਦਸੰਬਰ ਦੀ ਰਾਤ ਨੂੰ ਹੋਈ ਲੁੱਟ ਮਾਮਲੇ ਵਿੱਚ ਜਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਦਸ ਲੱਖ 57 ਹਜਾਰ ਰੁਪਏ ਦੀ ਨਗਦੀ ਬਰਾਮਦ ਕਰ ਲਈ ਗਈ ਹੈ। ਇਸ ਵਾਰਦਾਤ ਦਾ ਮਾਸਟਰ ਮਾਈਂਡ ਵਪਾਰੀ ਦਾ ਕਾਰ ਡਰਾਈਵਰ ਪਿੰਡ ਭੁੱਲਰ ਵਾਸੀ ਰਵਿਦਰ ਸਿੰਘ ਉਰਫ ਕਾਲ਼ਾ ਨਿਕਲਿਆ ਹੈ।
ਇਸ ਮਾਮਲੇ ਤੇ ਜਿਲ੍ਹਾ ਦਿਹਾਤੀ ਪੁਲਿਸ ਲਾਈਨ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ SP ਇਨਵੇਸਟੀਗੇਸ਼ਨ ਮਨੋਜ ਠਾਕੁਰ ਨੇ ਦੱਸਿਆ ਕਿ 25 ਦਸੰਬਰ ਦੀ ਰਾਤ ਬਟਾਲਾ ਤੋਂ ਜਲੰਧਰ ਜਾ ਰਹੇ ਬਟਾਲੇ ਦੇ ਵਪਾਰੀ ਵਿਕਾਸ ਮਹਾਜਨ ਤੋਂ ਰਸਤੇ ਵਿੱਚ ਅਣਪਛਾਤੇ ਲੁਟੇਰਿਆਂ ਨੇ ਹਥਿਆਰਾਂ ਦੇ ਜੋਰ ਉੱਤੇ 22 ਲੱਖ ਰੁਪਏ ਲੁੱਟ ਲਏ ਸਨ। ਇਸ ਦਾ ਪੁਲਿਸ ਥਾਣਾ ਮਹਿਤਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਲਾਗ ਪਾਸ ਦੇ ਜਿਲ੍ਹਿਆਂ ਵਿੱਚ ਇਸ ਦੀ ਸੂਚਨਾ ਵੀ ਦਿੱਤੀ ਗਈ ਸੀ।
SP ਮਨੋਜ ਠਾਕੁਰ ਨੇ ਦੱਸਿਆ ਹੈ ਕਿ ਸਾਇਬਰ ਸੈਲ ਦੇ ਮਾਧਿਅਮ ਨਾਲ ਅਤੇ ਹੋਰ ਪਹਿਲੂਆਂ ਤੇ ਜਾਂਚ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਵਪਾਰੀ ਵਿਕਾਸ ਮਹਾਜਨ ਦੇ ਡਰਾਇਵਰ ਰਵਿਦਰ ਸਿੰਘ ਉਰਫ ਕਾਲ਼ਾ ਨੇ ਸਾਰਾ ਭੇਦ ਆਪਣੇ ਸਾਥੀ ਲੁਟੇਰਿਆਂ ਨੂੰ ਦਿੱਤਾ ਸੀ। ਰਵਿੰਦਰ ਨੇ ਸਾਥੀ ਲੁਟੇਰਿਆਂ ਨਾਲ ਮਿਲਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਡਰਾਇਵਰ ਰਵਿਦਰ ਸਿੰਘ ਉਰਫ ਕਾਲ਼ਾ ਨੂੰ ਗ੍ਰਿਫਤਾਰ ਕਰ ਕੇ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਸਾਰਾ ਰਾਜ ਉਗਲਦੇ ਹੋਇਆਂ ਲੁੱਟੇ ਹੋਏ 10. 57 ਲੱਖ ਰੁਪਏ ਬਰਾਮਦ ਕਰਵਾ ਦਿੱਤੇ।
ਉਸ ਨੇ ਆਪਣੇ ਸਾਥੀ ਲੁਟੇਰਿਆਂ ਦੀ ਪਹਿਚਾਣ ਬਟਾਲੇ ਦੇ ਪਿੰਡ ਕੋਟਲੀ ਸੂਰਤ ਮੱਲਿਆ ਵਾਸੀ ਨਿਰਮਲ ਸਿੰਘ ਪਿੰਡ ਭੁੱਲਰ ਵਾਸੀ ਗੁਰਵਿਦਰ ਸਿੰਘ ਉਰਫ ਸੇਠੀ ਗੁਰਦਾਸਪੁਰ ਦੇ ਪਿੰਡ ਵੜੈਚ ਘੁੰਮਨ ਕਲਾ ਵਾਸੀ ਸੁਖਪ੍ਰੀਤ ਸਿੰਘ ਉਰਫ ਸੁੱਖ ਅਤੇ ਇੱਕ ਅਣਪਛਾਤੇ ਦੇ ਰੂਪ ਵਿੱਚ ਦੱਸੀ। ਉਕਤ ਤਿੰਨਾਂ ਨੌਜਵਾਨਾਂ ਨੂੰ ਜਿਲ੍ਹਾ ਗੁਰਦਾਸਪੁਰ ਦੇ ਪੁਲਿਸ ਥਾਣਾ ਕਲਾਨੌਰ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁੱਛਗਿਛ ਲਈ ਛੇਤੀ ਹੀ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਇਆ ਜਾਵੇਗਾ। ਤਾਂਕਿ ਲੁੱਟੀ ਹੋਈ ਬਾਕੀ ਰਾਸ਼ੀ ਨੂੰ ਵੀ ਬਰਾਮਦ ਕਰਿਆ ਜਾਵੇ ।