ਪੰਜਾਬ ਰਾਜ ਦੇ ਜਿਲ੍ਹਾ ਲੁਧਿਆਣਾ ਵਿਚਲੇ ਹੈਬੋਵਾਲ ਏਰੀਏ ਵਿੱਚ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਆਰੋਪ ਵਿਚ ਥਾਣਾ ਹੈਬੋਵਾਲ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੋਸ਼ੀ ਦੀ ਪਹਿਚਾਣ ਵਿਕਰਾਂਤ ਉਰਫ ਵਿੱਕੀ ਨਾਮ ਦੇ ਰੂਪ ਵਿੱਚ ਕੀਤੀ ਗਈ ਹੈ। ਜਦੋਂ ਕਿ ਮਰਨ ਵਾਲੀ ਮਹਿਲਾ ਦੀ ਪਹਿਚਾਣ ਸਿਮਰਨ ਉਰਫ ਮਨੀਸ਼ਾ ਦੇ ਰੂਪ ਵਿੱਚ ਕੀਤੀ ਗਈ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁੱਛਗਿਛ ਦੇ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਨਜਾਇਜ ਸੰਬੰਧ ਹਨ। ਜਿਸ ਕਾਰਨ ਉਸ ਨੇ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਵਲੋਂ ਦੋਸ਼ੀ ਦੇ ਕੋਲੋਂ ਕੁੱਟਮਾਰ ਦੇ ਦੌਰਾਨ ਵਰਤਿਆ ਬੇਸਬਾਲ ਅਤੇ ਰੁਮਾਲ ਵੀ ਬਰਾਮਦ ਕੀਤਾ ਗਿਆ ਹੈ। ਇਸ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵਲੋਂ ਰਿਮਾਂਡ ਤੇ ਲਿਆ ਗਿਆ ਹੈ।
ਪੁਲਿਸ ਦੇ ਸੀਨੀਅਰ ਅਫਸਰ ਅਸ਼ਵਨੀ ਗੋਟਿਆਲ ਨੇ ਦੱਸਿਆ ਹੈ ਕਿ 7 ਜਨਵਰੀ ਨੂੰ ਪੁਲਿਸ ਨੂੰ ਡੀ. ਐੱਮ. ਸੀ. ਚੌਕੀ ਤੋਂ ਸੂਚਨਾ ਮਿਲੀ ਸੀ ਕਿ ਸਿਮਰਨ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਸੂਚਨਾ ਦੇ ਮਿਲਣ ਸਾਰ ਹੀ ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਉਸ ਦੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਸਿਮਰਨ ਦੇ ਸਰੀਰ ਉੱਤੇ ਵੱਖ ਵੱਖ ਥਾਂਵਾਂ ਉੱਤੇ 8 ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ। ਸਿਮਰਨ ਦੇ ਭਰਾ ਕਰਣ ਸਿੰਘ ਉਰਫ ਸੰਨੀ ਨੇ ਦੱਸਿਆ ਹੈ ਕਿ ਵਾਰਦਾਤ ਵਾਲੇ ਦਿਨ ਵਿਕਰਾਂਤ ਨੇ ਫੋਨ ਕਰਕੇ ਦੱਸਿਆ ਕਿ ਸਿਮਰਨ ਛੱਤ ਤੇ ਕੱਪੜੇ ਧੋ ਰਹੀ ਸੀ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਗਈ ਹੈ।
ਇਸ ਤੋਂ ਬਾਅਦ ਉਹ ਆਪਣੇ ਭਰਾ ਗੌਰਵ ਅਤੇ ਮਾਤਾ ਸ਼ਸ਼ੀ ਦੇ ਨਾਲ ਮੌਕੇ ਉੱਤੇ ਪਹੁੰਚੇ। ਸਿਮਰਨ ਨੂੰ ਉਸਦੇ ਬੈਡਰੂਮ ਵਿੱਚ ਪਾਇਆ ਹੋਇਆ ਸੀ। ਉਹ ਉਸ ਨੂੰ ਪ੍ਰਾਇਵੇਟ ਵਾਹਨ ਵਿੱਚ ਡੀ. ਐੱਮ. ਸੀ. ਲੈ ਕੇ ਗਏ ਅਤੇ ਉੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪਰ ਵਿਕਰਾਂਤ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦਿਨ ਵਿਕਰਾਂਤ ਨੇ ਸਿਮਰਨ ਦੀ ਕੁੱਟਮਾਰ ਕੀਤੀ ਸੀ ਅਤੇ ਉਸਦਾ ਗਲਾ ਦਬਾਇਆ ਸੀ। ਜਿਸ ਤੇ ਪੁਲਿਸ ਵਲੋਂ ਏ. ਸੀ. ਪੀ. ਤਲਵਿੰਦਰ ਸਿੰਘ ਦੀ ਟੀਮ ਗਠਿਤ ਕੀਤੀ ਅਤੇ ਟੀਮ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਪੁੱਛਗਿਛ ਤੋਂ ਬਾਅਦ ਦੱਸਿਆ ਕਿ ਉਸਨੂੰ ਆਪਣੀ ਪਤਨੀ ਤੇ ਨਜਾਇਜ ਸਬੰਧਾਂ ਦਾ ਸ਼ੱਕ ਸੀ। ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਪਹਿਲਾਂ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਰੁਮਾਲ ਨਾਲ ਉਸਦਾ ਗਲਾ ਘੁੱਟ ਦਿੱਤਾ।
ਦੇਖੋ ਇਸ ਖ਼ਬਰ ਦੀ ਵੀਡੀਓ ਰਿਪੋਰਟ