ਜੇਲ੍ਹ ਵਿੱਚ ਬੰਦ ਜਵੇਲਰ ਦੀ ਪਤਨੀ ਤੇ ਬੱਚਿਆਂ ਨੂੰ ਬੰਨ੍ਹਕੇ, ਸੋਨੇ ਦੇ ਗਹਿਣੇ ਤੇ ਦੋ ਲੱਖ ਰੁਪਏ ਲੁੱਟੇ, ਪੜ੍ਹੋ ਪੂਰੀ ਖ਼ਬਰ

Punjab

ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਸ਼ਹਿਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਲੁੱਟ-ਮਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਥਾਣਾ ਬੀ ਡਿਵੀਜਨ ਦੇ ਅਧੀਨ ਪੈਂਦੇ ਕੋਰਟ ਆਤਮਾਰਾਮ ਏਰੀਏ ਦੇ ਵਿੱਚ ਰਹਿਣ ਵਾਲੇ ਜਵੇਲਰ ਜਸਵੀਰ ਸਿੰਘ ਕੰਡਾ ਦੇ ਘਰ ਵਿਚੋਂ ਮੰਗਲਵਾਰ ਦੀ ਸ਼ਾਮ ਨੂੰ ਲੁਟੇਰਿਆਂ ਵਲੋਂ ਗਹਿਣੇ ਅਤੇ ਨਗਦ ਰੁਪਏ ਨੂੰ ਲੁੱਟ ਲਿਆ ਗਿਆ ਹੈ। ਇਨ੍ਹਾਂ ਆਰੋਪੀਆਂ ਨੇ ਜਸਵੀਰ ਸਿੰਘ ਦੀ ਪਤਨੀ ਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੁੱਟ ਕੇ ਫਰਾਰ ਹੋ ਗਏ।

ACP ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋਵੇਂ ਆਰੋਪੀ ਲੁਟੇਰੇ ਗਲੀ ਵਿੱਚ ਲੱਗੇ ਹੋਏ CCTV ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਡਕੈਤੀ ਦੇ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਜਸਵੀਰ ਸਿੰਘ ਕੰਡਾ ਕਤਲ ਦੇ ਮਾਮਲੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਫਤੇਹਪੁਰ ਜੇਲ੍ਹ ਵਿੱਚ ਬੰਦ ਹੈ। ਜਸਵੀਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਬੱਚਿਆਂ ਦੇ ਨਾਲ ਘਰ ਵਿੱਚ ਰਹਿੰਦੀ ਹੈ। ਜਸਵੀਰ ਸਿੰਘ ਦਾ ਗਹਿਣਿਆਂ ਦਾ ਕੰਮਕਾਰ ਹੈ।

ਮੰਗਲਵਾਰ ਦੀ ਸ਼ਾਮ ਨੂੰ ਲੱਗਭੱਗ ਛੇ ਕੁ ਵਜੇ ਦੋ ਨੌਜਵਾਨ ਮਨਪ੍ਰੀਤ ਦੇ ਘਰ ਆਏ। ਜਦੋਂ ਮਨਪ੍ਰੀਤ ਵਲੋਂ ਦਰਵਾਜਾ ਖੋਲਿਆ ਗਿਆ ਤਾਂ ਆਰੋਪੀਆਂ ਨੇ ਉਸ ਨੂੰ ਦੱਸਿਆ ਕਿ ਉਹ ਜੇਲ੍ਹ ਵਿੱਚ ਬੰਦ ਉਸਦੇ ਪਤੀ ਦੇ ਕਹਿਣ ਤੇ ਪਰਿਵਾਰ ਨੂੰ ਮਿਲਣ ਦੇ ਲਈ ਆਏ ਹਨ। ਇਸ ਤੋਂ ਬਾਅਦ ਮਨਪ੍ਰੀਤ ਨੇ ਦੋਵੇਂ ਨੌਜਵਾਨਾਂ ਨੂੰ ਘਰ ਦੇ ਅੰਦਰ ਬੁਲਾ ਲਿਆ ਅਤੇ ਆਪਣੇ ਪਤੀ ਦੇ ਬਾਰੇ ਵਿੱਚ ਪੁੱਛਣ ਲੱਗੀ।

ਇਨ੍ਹਾਂ ਨੌਜਵਾਨਾਂ ਵਲੋਂ ਇਕ ਦਮ ਦਾਤਰ ਕੱਢ ਲਈ ਗਈ ਅਤੇ ਮਨਪ੍ਰੀਤ ਅਤੇ ਉਸਦੇ ਬੱਚਿਆਂ ਨੂੰ ਘਰ ਵਿੱਚ ਬੰਧਕ ਬਣਾ ਲਿਆ। ਫਿਰ ਮਨਪ੍ਰੀਤ ਨੂੰ ਡਰਾ ਧਮਕਾ ਕੇ ਅਲਮਾਰੀ ਦੇ ਵਿੱਚ ਰੱਖੇ ਦੋ ਲੱਖ ਰੁਪਏ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਰਫੂਚੱਕਰ ਹੋ ਗਏ। ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।

ਹਾਲਾਂਕਿ ਪੁਲਿਸ ਵਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਆਰੋਪੀ ਇੱਥੇ ਕਿਵੇਂ ਪਹੁੰਚ ਗਏ। ਜਾਣੀਕਿ ਕੀ ਉਹ ਸੱਚੀਂ ਹੀ ਜੇਲ੍ਹ ਵਿੱਚ ਬੰਦ ਜਸਵੀਰ ਸਿੰਘ ਦੇ ਕਿਸੇ ਸਾਥੀ ਦੇ ਕਹਿਣ ਕਰਕੇ ਆਏ ਹੈ ਜਾਂ ਫਿਰ ਕਿਸੇ ਜਾਣ ਪਹਿਚਾਣ ਵਾਲੇ ਨੂੰ ਇਸ ਗੱਲ ਦਾ ਪਤਾ ਸੀ ਕਿ ਮਨਪ੍ਰੀਤ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਇਸ ਲਈ ਇਨ੍ਹਾਂ ਲੁਟੇਰੀਆਂ ਵਲੋਂ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ।

Leave a Reply

Your email address will not be published. Required fields are marked *