ਇੱਕ ਪਾਸੇ ਜਿੱਥੇ ਲੋਕ ਲੋਹੜੀ ਦੀਆਂ ਖੁਸ਼ੀਆਂ ਮਨਾ ਰਹੇ ਹਨ ਉਥੇ ਹੀ ਅਮਰੀਕਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖ-ਦਾਇਕ ਖਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਵਿਧਾਨ ਸਭਾ ਹਲਕਾ ਭੁਲੱਥ ਦੇ ਰਹਿਣ ਵਾਲੇ ਸਨ। ਇਹ ਹਾਦਸਾ ਬੀਤੀ ਸ਼ਾਮ ਨੂੰ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ ਨੂੰ 5 ਵਜੇ ਹੋਇਆ ਹੈ। ਇਸ ਘਟਨਾ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਨੌਜਵਾਨ ਸੁਖਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਚੀਮਾ ਅਤੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਦੋਵੇਂ ਇਕੋ ਕਾਰ ਦੇ ਵਿੱਚ ਜਾ ਰਹੇ ਸਨ ਕਿ ਅਚਾਨਕ ਰਸਤੇ ਵਿੱਚ ਕਾਰ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਹਨ। ਇਸ ਹਾਦਸੇ ਦੇ ਵਿੱਚ ਦੋਵਾਂ ਹੀ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਹੈ।
ਇਨ੍ਹਾਂ ਨੌਜਵਾਨਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨਰਿੰਦਰ ਸਿੰਘ ਚੀਮਾਂ ਦਾ ਪੁੱਤਰ ਸੁਖਜੀਤ ਸਿੰਘ ਉਮਰ 30 ਸਾਲ 2010 ਸੰਨ ਦੇ ਵਿੱਚ ਅਮਰੀਕਾ ਗਿਆ ਸੀ। ਉਥੇ ਜਾਣ ਤੋਂ ਦੋ ਸਾਲ ਦੇ ਬਾਅਦ ਉਸਦਾ ਵਿਆਹ ਹੋ ਗਿਆ। ਹੁਣ ਉਸ ਦਾ ਕਰੀਬ 9 ਸਾਲ ਦਾ ਪੁੱਤਰ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਸੁਖਜੀਤ ਸਿੰਘ ਨੇ ਹੁਣ 12 ਸਾਲਾਂ ਬਾਅਦ 17 ਜਨਵਰੀ ਨੂੰ ਪੰਜਾਬ ਵਿੱਚ ਆਪਣੇ ਘਰ ਆਉਣਾ ਸੀ। ਪਰ ਬੀਤੇ ਕੱਲ੍ਹ ਪਤਾ ਲੱਗਿਆ ਕਿ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋਣ ਦੇ ਕਾਰਨ ਸੁਖਜੀਤ ਦੀ ਮੌਤ ਹੋ ਗਈ ਹੈ।
ਉਥੇ ਹੀ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਉਮਰ 24 ਸਾਲ ਪੁੱਤਰ ਪਰਮਜੀਤ ਸਿੰਘ ਦੇ ਮਾਮੇ ਸੁਖਪਾਲ ਸਿੰਘ ਗੁੱਡੂ ਵਾਸੀ ਰਾਮਗੜ ਨੇ ਦੱਸਿਆ ਕਿ ਬਲਜਿੰਦਰ ਸਿੰਘ ਤਕਰੀਬਨ 5 ਕੁ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਅਮਰੀਕਾ ਗਿਆ ਸੀ। ਅਮਰੀਕਾ ਵਿਚ ਉਹ ਟਰਾਲਾ ਚਲਾਉਂਦਾ ਸੀ ਪ੍ਰੰਤੂ ਬੀਤੇ ਕੱਲ੍ਹ ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ।