2022 ਦੀਆਂ ਆਉਣ ਵਾਲੀਆਂ ਵਿਧਾਨਸਭਾ ਚੋਣ ਦੇ ਮੱਦੇਨਜਰ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਤਾਜ਼ਾ ਮਾਮਲਾ ਜਿਲ੍ਹਾ ਫਿਰੋਜਪੁਰ ਦੇ ਪਿੰਡ ਕੁਤਬਦੀਨ ਵਾਲਾ ਤੋਂ ਸਾਹਮਣੇ ਆਇਆ ਹੈ। ਇਥੇ ਪਿੰਡ ਦੇ ਹੀ ਕੁਝ ਲੋਕਾਂ ਨੇ ਇੱਕ ਵਿਅਕਤੀ ਦੇ ਘਰ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਇਥੇ ਪਹੁੰਚੀ ਪੁਲਿਸ ਦੇ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਿਕ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਉਹ ਕਿਸੇ ਕੰਮ ਦੇ ਲਈ ਬਾਹਰ ਗਏ ਹੋਏ ਸਨ। ਪੁਰਾਣੀ ਰੰਜਸ਼ ਨੂੰ ਲੈ ਕੇ ਪਿੰਡ ਦੇ ਹੀ ਕੁੱਝ ਲੋਕ ਆਪਣੇ ਨਾਲ 15 ਤੋਂ 20 ਵਿਅਕਤੀ ਲੈ ਆਏ ਅਤੇ ਹਥਿਆਰਾਂ ਦੇ ਨਾਲ ਲੈਸ ਇਨ੍ਹਾਂ ਵਿਅਕਤੀਆਂ ਵਲੋਂ ਉਨ੍ਹਾਂ ਦੇ ਘਰ ਉੱਤੇ ਹਮਲਾ ਕਰ ਦਿੱਤਾ ਗਿਆ। ਜਿਸ ਦੇ ਦੌਰਾਨ ਉਸ ਦਾ ਲੜਕਾ ਗੰਭੀਰ ਰੁਪ ਦੇ ਵਿਚ ਜਖ਼ਮੀ ਹੋ ਗਿਆ। ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰਾਂ ਦੇ ਵਲੋਂ ਉਨ੍ਹਾਂ ਨੂੰ ਜਾਨ ਤੋਂ ਮਾਰਨੇ ਦੀ ਧਮਕੀ ਦਿੱਤੀ ਗਈ।
ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਹੋਇਆਂ ਕਿਹਾ ਹੈ ਕਿ ਘਰ ਵਿੱਚ ਦਾਖਲ ਹੋਕੇ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਹੈ। ਇਸ ਮਾਮਲੇ ਵਿਚ ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਨੂੰ ਦਰਜ ਕਰ ਕੇ ਅਗਲੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਪੁਲਿਸ ਟੀਮ ਦੇ ਵਲੋਂ ਇਸ ਪੂਰੇ ਘਟਨਾਕ੍ਰਮ ਦੀ ਸੀ. ਸੀ. ਟੀ. ਵੀ CCTV ਕੈਮਰਿਆਂ ਦੀ ਫੁਟੇਜ ਵੀ ਹਾਸਲ ਕਰ ਲਈ ਗਈ ਹੈ। ਇਸ ਫੁਟੇਜ ਦੇ ਆਧਾਰ ਉੱਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।