ਪੰਜਾਬ ਰਾਜ ਦੇ ਬਰਨਾਲਾ ਸ਼ਹਿਰ ਵਿੱਚ ਲੋਹੜੀ ਦੀ ਰਾਤ ਨੂੰ ਕਰਫਿਊ ਦੇ ਬਾਵਜੂਦ ਵੀ ਚੋਰਾਂ ਨੇ ਇੱਕ ਕਾਰ ਦੇ ਚਾਰੇ ਟਾਇਰ ਖੋਲ੍ਹੇ ਅਤੇ ਰਫੂਚੱਕਰ ਹੋ ਗਏ। ਇਕ ਹੋਰ ਵਾਰਦਾਤ ਇਕ ਬਾਇਕ ਸਵਾਰ 2 ਨੌਜਵਾਨਾਂ ਵਲੋਂ ਇੱਕ ਗਲੀ ਵਿੱਚ ਖੜੀਆਂ 5 ਗੱਡੀਆਂ ਦੇ ਸ਼ੀਸ਼ੇ ਤੋਡ਼ ਦਿੱਤੇ ਗਏ। ਇਹ ਦੋਵੇਂ ਵਾਰਦਾਤਾਂ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈਆਂ। ਪਿਛਲੇ ਇੱਕ ਹਫ਼ਤੇ ਦੇ ਵਿੱਚ ਇਸ ਇਲਾਕੇ ਵਿੱਚ ਚੋਰੀ ਦੀਆਂ ਛੇ ਘਟਨਾਵਾਂ ਹੋਈਆਂ ਹਨ। ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਦੇ ਵਿੱਚ ਭਾਰੀ ਰੋਸ਼ ਹੈ। ਇਸ ਬਾਰੇ SHO ਨੇ ਕਿਹਾ ਕਿ ਆਰੋਪੀਆਂ ਦੀ ਪਹਿਚਾਣ ਕਰਕੇ ਛੇਤੀ ਹੀ ਗ੍ਰਿਫਤਾਰੀ ਕਰ ਲਈ ਜਾਵੇਗੀ।
ਕਾਰ ਮਾਲਿਕ ਨਰੇਸ਼ ਕੁਮਾਰ ਨੇ ਇਸ ਘਟਨਾ ਸਬੰਧੀ ਦੱਸਿਆ ਹੈ ਕਿ ਪਿਛਲੇ ਦਿਨੀਂ ਲੋਹੜੀ ਹੋਣ ਦੇ ਕਾਰਨ ਉਸਨੇ ਆਪਣੀ ਕਾਰ ਸ਼ਹਿਰ ਦੇ ਐਸ. ਡੀ. ਕਾਲਜ ਦੇ ਨੇੜੇ ਇੱਕ ਓਵਰਬ੍ਰਿਜ ਦੇ ਥੱਲੇ ਖੜੀ ਕੀਤੀ ਸੀ ਅਤੇ ਸਵੇਰੇ ਇੱਕ ਦੋਸਤ ਦਾ ਫੋਨ ਆਇਆ ਕਿ ਉਸ ਦੀ ਕਾਰ ਦੇ ਚਾਰੇ ਟਾਇਰ ਚੋਰੀ ਹੋ ਗਏ ਹਨ ਅਤੇ ਕਾਰ ਬਿਨਾਂ ਟਾਇਰਾਂ ਤੋਂ ਖੜੀ ਹੈ। ਉਸਨੇ ਮੌਕੇ ਉੱਤੇ ਆਕੇ ਨੇੜਲੇ ਇਲਾਕੇ ਵਿਚ ਲੱਗੇ CCTV ਕੈਮਰੇ ਦੇਖੇ ਜਿਨ੍ਹਾਂ ਵਿੱਚ 2 ਚੋਰ ਉਸ ਦੀ ਕਾਰ ਦੇ ਟਾਇਰ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਥੇ ਹੀ ਅਣਪਛਾਤੇ ਨੌਜਵਾਨਾਂ ਵਲੋਂ ਉਨ੍ਹਾਂ ਦੀ ਗਲੀ ਵਿੱਚ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਸ਼ੀਸ਼ੇ ਤੋਡ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ 2 ਘੰਟਿਆਂ ਵਿੱਚ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ।
ਇਸ ਮੌਕੇ ਬਰਨਾਲਾ ਪੁਲਿਸ ਦੀ ਢਿੱਲੀ ਕਾਰਜਪ੍ਰਣਾਲੀ ਤੇ ਰੋਸ਼ ਜ਼ਾਹਰ ਕਰਦਿਆਂ ਸ਼ਹਿਰ ਵਾਸੀਆਂ ਅਤੇ ਕਾਰ ਮਾਲਿਕ ਦੇ ਭਰਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸਾਢੇ 8 ਵਜੇ ਉਸਦੇ ਭਰਾ ਵਲੋਂ ਕਾਰ ਪਾਰਕ ਕੀਤੀ ਗਈ ਸੀ ਅਤੇ ਪਿਛਲੇ ਦਿਨ ਲੋਹੜੀ ਹੋਣ ਦੇ ਕਾਰਨ ਲੋਕ 12: 00 ਵਜੇ ਤੱਕ ਸੜਕਾਂ ਤੇ ਘੁੰਮ ਰਹੇ ਸਨ। ਇਸਦੇ ਬਾਵਜੂਦ ਚੋਰਾਂ ਨੇ ਉਸ ਦੇ ਭਰਾ ਦੀ ਗੱਡੀ ਦੇ ਚਾਰੇ ਟਾਇਰ ਚੋਰੀ ਕਰ ਲਏ ਅਤੇ 5 ਗੱਡੀਆਂ ਦੇ ਸ਼ੀਸ਼ੇ ਵੀ ਤੋਡ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵਲੋਂ ਕੋਰੋਨਾ ਕਾਰਨ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਚੋਰ ਚੋਰੀ ਕਰਨ ਵਿੱਚ ਕਾਮਯਾਬ ਹੋ ਗਏ। ਇਹ ਚੋਰੀ ਸ਼ਹਿਰ ਵਿੱਚ ਗਸ਼ਤ ਕਰਨ ਵਾਲੀ ਪੀ. ਸੀ. ਆਰ. ਟੀਮ ਦੀ ਡਿਊਟੀ ਤੇ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ।
ਇਸ ਪੂਰੇ ਘਟਨਾਕ੍ਰਮ ਦੇ ਬਾਰੇ ਥਾਨਾ ਸਿਟੀ ਦੇ ਐੱਸ ਐੱਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ ਟਾਇਰ ਚੋਰੀ ਕਰਨ ਅਤੇ ਵਾਹਨਾਂ ਦੇ ਸ਼ੀਸ਼ੇ ਤੋਡ਼ਨ ਦੇ ਮਾਮਲੇ ਵਿੱਚ ਪੁਲਿਸ ਵਲੋਂ ਦੋਵੇਂ ਘਟਨਾਵਾਂ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਆਰੋਪੀਆਂ ਦੀ ਪਹਿਚਾਣ ਵੀ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਜਲਦੀ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।