ਪੰਜਾਬ ਰਾਜ ਦੇ ਜਿਲ੍ਹਾ ਭਾਦਸੋਂ ਥਾਣੇ ਦੇ ਪਿੰਡ ਖੇੜੀਜੱਟਾ ਵਿੱਚ 25 ਸਾਲ ਦੇ ਇੱਕ ਫੌਜੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਬਹੁਤ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੰਮੂ ਦੇ ਰਾਜੌਰੀ ਸਰਹੱਦੀ ਖੇਤਰ ਦੇ ਵਿੱਚ ਚੱਲੀ ਗੋਲੀ ਦੇ ਨਾਲ ਫੌਜ ਦੀ 14 ਪੰਜਾਬ ਯੂਨਿਟ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਵੀਰਵਾਰ ਦੁਪਹਿਰ ਨੂੰ ਸਰਹਦ ਤੇ ਅਚਾਨਕ ਹੀ ਗੋਲੀ ਚਲਣ ਦੀ ਅਵਾਜ ਆਈ ਤਾਂ ਉਸ ਸਮੇਂ ਹੀ ਸਰਹਦ ਉੱਤੇ ਤੈਨਾਤ ਜਵਾਨ ਅਤੇ ਫੌਜ ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ ।
ਇਥੇ ਉਨ੍ਹਾਂ ਨੇ ਵੇਖਿਆ ਕਿ ਸਿਪਾਹੀ ਸਰਬਜੀਤ ਸਿੰਘ ਅਤੇ ਸਿਪਾਹੀ ਨਵਰਾਜ ਸਿੰਘ ਦੋਵੇਂ ਹੀ ਖੂਨ ਨਾਲ ਲਿਬੜੇ ਪਏ ਹਨ। ਦੋਵਾਂ ਨੌਜਵਾਨਾਂ ਨੂੰ ਤੁਰੰਤ ਹੀ ਨਜਦੀਕੀ ਫੌਜ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਦੋਵਾਂ ਨੇ ਦਮ ਤੋਡ਼ ਦਿੱਤਾ। ਰਾਜੌਰੀ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਜਵਾਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਯੂਨਿਟ ਹੈਡਕਵਾਟਰ ਦੇ ਵਿੱਚ ਰੱਖਿਆ ਗਿਆ ਹੈ। ਪ੍ਰੰਤੂ ਅਜੇ ਤੱਕ ਗੋਲੀ ਚਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨਵਰਾਜ ਸਿੰਘ ਪੁੱਤ ਅਵਤਾਰ ਸਿੰਘ ਪਿੰਡ ਖੇੜੀਜੱਟਾ ਥਾਣਾ ਭਾਦਸੋਂ ਦਾ ਨੌਜਵਾਨ ਭਾਰਤੀ ਫੌਜ ਵਿੱਚ ਡਿਊਟੀ ਤੇ ਤਾਇਨਾਤ ਸੀ।
ਮ੍ਰਿਤਕ ਸਿਪਾਹੀ ਨਵਰਾਜ ਸਿੰਘ ਦਾ ਇੱਕ ਭਰਾ ਅਤੇ ਇੱਕ ਭੈਣ ਹੈ। 25 ਸਾਲ ਉਮਰ ਦਾ ਇਹ ਮ੍ਰਿਤਕ ਫੌਜੀ 6 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇੱਕ ਮੱਧ ਵਰਗ ਕਿਸਾਨ ਦਾ ਪੁੱਤਰ ਸੀ । ਇਸ ਘਟਨਾ ਦਾ ਪਤਾ ਚਲਦਿਆਂ ਹੀ ਪੂਰੇ ਭਾਦਸੋਂ ਦੇ ਇਲਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਇਥੇ ਜਿਕਰਯੋਗ ਗੱਲ ਹੈ ਕਿ ਇਸ ਪਿੰਡ ਦਾ ਇੱਕ ਨਿੱਕੀ ਉਮਰ ਦਾ ਨੌਜਵਾਨ ਨਵਜੋਤ ਸਿੰਘ ਬੀਤੇ ਸਾਲ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੇ ਵਿੱਚ ਸ਼ਹੀਦ ਹੋ ਗਿਆ ਸੀ।