ਪੰਜਾਬ ਵਿਚ ਮੋਗਾ ਦੇ ਥਾਣਾ ਅਜੀਤਵਾਲ ਦੇ ਅਧੀਨ ਆਉਂਦੇ ਪਿੰਡ ਕੋਕਰੀ ਕਲਾਂ ਵਿੱਚ ਚਾਰ ਦਿਨ ਪਹਿਲਾਂ ਦੋ ਨੌਜਵਾਨਾਂ ਵਲੋਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਆਪਣੇ ਹੀ ਦੋਸਤ ਨੂੰ ਤਲਵਾਰਾਂ ਨਾਲ ਵੱਡ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਐਤਵਾਰ ਨੂੰ ਪੁਲਿਸ ਵਲੋਂ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਇੱਕ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਵਲੋਂ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਦੋਂ ਕਿ ਦੂਜੇ ਦੋਸ਼ੀ ਨੂੰ ਪੁਲਿਸ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਇਸ ਕਤਲ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਜੀਤਵਾਲ ਦੇ ਐਸ ਐਚ ਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਲਵਿੰਦਰ ਸਿੰਘ ਉਮਰ 22 ਸਾਲ ਵਾਸੀ ਪਿੰਡ ਕੋਕਰੀ ਕਲਾਂ ਦਾ ਪਿੰਡ ਵਿੱਚ ਹੀ ਫੋਟੋ ਸਟੂਡੀਓ ਹੈ। ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਅਤੇ ਅਮਨਜੋਤ ਸਿੰਘ ਉਰਫ ਲਾਲੂ ਵਾਸੀ ਪਿੰਡ ਤਲਵੰਡੀ ਮੱਲੀਆਂ ਮ੍ਰਿਤਕ ਪਲਵਿੰਦਰ ਸਿੰਘ ਦੇ ਦੋਸਤ ਸੀ। ਐਸ ਐਚ ਓ ਦੇ ਦੱਸਣ ਮੁਤਾਬਕ ਤਿੰਨੇ ਦੋ ਸਾਲ ਤੋਂ ਮਿਲਕੇ ਨਸ਼ਾ ਕਰਦੇ ਸਨ। ਤਕਰੀਬਨ ਸਵਾ ਮਹੀਨੇ ਪਹਿਲਾਂ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬੇ ਦੇ ਭਾਈ ਦਾ ਵਿਆਹ ਸੀ।
ਗੁਰਪ੍ਰੀਤ ਸਿੰਘ ਨੇ ਪਲਵਿਦਰ ਸਿੰਘ ਨੂੰ ਵਿਆਹ ਲਈ ਫੋਟੋਗ੍ਰਾਫਰੀ ਦੇ ਕੰਮ ਲਈ ਬੁੱਕ ਕੀਤਾ ਸੀ। ਤੁਰੰਤ ਮੌਕੇ ਉੱਤੇ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਇਹ ਕਹਿਕੇ ਪਲਵਿਦਰ ਸਿੰਘ ਦੀ ਬੁਕਿੰਗ ਨੂੰ ਰੱਦ ਕਰ ਦਿੱਤੀ ਸੀ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਕੋਈ ਹੋਰ ਫੋਟੋਗ੍ਰਾਫਰ ਬੁੱਕ ਕਰ ਲਿਆ ਸੀ। ਇਸ ਗੱਲ ਤੋਂ ਦੁਖੀ ਹੋ ਕੇ ਪਲਵਿੰਦਰ ਸਿੰਘ ਨੇ ਪਿੰਡ ਵਿੱਚ ਪੰਚਾਇਤ ਅਤੇ ਪਿੰਡ ਦੇ ਲੋਕਾਂ ਸਾਹਮਣੇ ਗੁਰਪ੍ਰੀਤ ਸਿੰਘ ਦੇ ਪਿਤਾ ਨੂੰ ਇਸ ਦੇ ਬਾਰੇ ਵਿੱਚ ਉਹ ਕਹਿਣ ਲੱਗਿਆ ਕਿ ਉਨ੍ਹਾਂ ਦੀ ਕੋਈ ਜ਼ੁਬਾਨ ਨਹੀਂ ਹੈ। ਉਸ ਨੂੰ ਪ੍ਰੋਗਰਾਮ ਬੁੱਕ ਕਰਵਾਕੇ ਐਨ ਮੌਕੇ ਉੱਤੇ ਜੁਆਬ ਦੇ ਦਿੱਤਾ। ਇਹ ਆਪਣੀ ਜ਼ੁਬਾਨ ਉੱਤੇ ਕਾਇਮ ਨਹੀਂ ਰਹੇ।
ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਲੱਗਿਆ ਕਿ ਪਲਵਿਦਰ ਸਿੰਘ ਦੀ ਇਸ ਗੱਲ ਦੇ ਨਾਲ ਉਸਦੇ ਪਿਤਾ ਦੀ ਬਦਨਾਮੀ ਹੋ ਰਹੀ ਹੈ। ਇਸ ਦਾ ਬਦਲਾ ਲੈਣ ਲਈ ਹੀ 12 ਜਨਵਰੀ ਦੀ ਸਵੇਰ ਨੂੰ ਗੁਰਪ੍ਰੀਤ ਸਿੰਘ ਅਤੇ ਅਮਨਜੋਤ ਸਿੰਘ ਲਾਲੂ ਦੋਵੇਂ ਪਿੰਡ ਕੋਕਰੀ ਕਲਾਂ ਵਿੱਚ ਫੋਟੋਗ੍ਰਾਫਰ ਪਲਵਿੰਦਰ ਸਿੰਘ ਦੇ ਘਰ ਗਏ ਅਤੇ ਦੋਵਾਂ ਨੇ ਪਲਵਿਦਰ ਸਿੰਘ ਨੂੰ ਪਿੰਡ ਵਿੱਚ ਬਣੀ ਦਰਗਾਹ ਤੇ ਉਨ੍ਹਾਂ ਦੀ ਫੋਟੋ ਖਿੱਚਣ ਲਈ ਕਿਹਾ। ਪਲਵਿਦਰ ਸਿੰਘ ਆਪਣੇ ਮੋਟਰਸਾਇਕਲ ਤੇ ਉਨ੍ਹਾਂ ਦੇ ਨਾਲ ਚੱਲਿਆ ਗਿਆ।
ਦੇਰ ਰਾਤ ਤੱਕ ਜਦੋਂ ਪਲਵਿੰਦਰ ਸਿੰਘ ਘਰੇ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਥਾਣਾ ਅਜੀਤਵਾਲ ਦੀ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦੇ ਹੋਇਆਂ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਅਮਨਜੋਤ ਸਿੰਘ ਲਾਲੂ ਤੇ ਪਲਵਿਦਰ ਸਿੰਘ ਨੂੰ ਅਗਵਾਹ ਕਰਨ ਦਾ ਸ਼ੱਕ ਜਤਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। 15 ਜਨਵਰੀ ਨੂੰ ਪੁਲਿਸ ਨੂੰ ਪਿੰਡ ਕੋਕਰੀ ਕਲਾਂ ਤੋਂ ਜਲਾਲਾਬਾਦ ਦੇ ਵੱਲ ਜਾਂਦੀ ਸੜਕ ਤੇਪਾਣੀ ਦੇ ਸੂਏ ਵਿੱਚੋਂ ਪਲਵਿੰਦਰ ਸਿੰਘ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਗਾ ਵਿੱਚ ਰਖਵਾ ਦਿੱਤਾ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਨੂੰ ਗ੍ਰਿਫਤਾਰ ਕਰ ਲਿਆ।
ਦੋਸ਼ੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਦੇ ਸਾਹਮਣੇ ਪਲਵਿੰਦਰ ਸਿੰਘ ਦੀ ਹੱਤਿਆ ਕਰਨ ਦਾ ਦੋਸ਼ ਕਬੂਲ ਕਰ ਲਿਆ ਅਤੇ ਪੂਰਾ ਰਾਜ ਖੋਲ ਦਿੱਤਾ। ਪੁਲਿਸ ਨੂੰ ਅਦਾਲਤ ਵਲੋਂ ਗੁਰਪ੍ਰੀਤ ਸਿੰਘ ਪ੍ਰੀਤ ਬਾਬਾ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਐਤਵਾਰ ਨੂੰ ਪੁਲਿਸ ਨੇ ਦੂਜੇ ਦੋਸ਼ੀ ਅਮਨਜੋਤ ਸਿੰਘ ਉਰਫ ਲਾਲੂ ਨੂੰ ਵੀ ਗ੍ਰਿਫਤਾਰ ਕਰ ਲਿਆ। ਜਿਸ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਸ ਐਚ ਓ ਦਲਜੀਤ ਸਿੰਘ ਗਿੱਲ ਦੇ ਅਨੁਸਾਰ ਦੋਸ਼ੀ ਗੁਰਪ੍ਰੀਤ ਸਿੰਘ ਵਲੋਂ ਕਤਲ ਕਰਨ ਲਈ ਵਰਤੀ ਗਈ ਤਲਵਾਰ ਬਰਾਮਦ ਕਰ ਲਈ ਗਈ ਹੈ। ਜਦੋਂ ਕਿ ਦੋਵਾਂ ਦੋਸ਼ੀਆਂ ਕੋਲੋਂ ਪਲਵਿੰਦਰ ਸਿੰਘ ਦਾ ਕੈਮਰਾ ਅਤੇ ਮੋਟਰਸਾਇਕਲ ਬਰਾਮਦ ਕਰਨਾ ਅਜੇ ਬਾਕੀ ਹੈ। ਦੋਸ਼ੀਆਂ ਦੇ ਖਿਲਾਫ ਪਲਵਿਦਰ ਸਿੰਘ ਦੀ ਮਾਂ ਕਿਰਨਪਾਲ ਕੌਰ ਦੇ ਬਿਆਨ ਤੇ ਕੇਸ ਦਰਜ ਕੀਤਾ ਗਿਆ ਹੈ।