ਪੰਜਾਬ ਸੂਬੇ ਵਿਚ ਬਟਾਲੇ ਦੇ ਪਿੰਡ ਦਾਬਾਂਵਾਲ ਕਲਾਂ ਵਿਚ ਕੁਝ ਦਿਨ ਪਹਿਲਾਂ ਘਰ ਵਿਚ ਹੋਏ ਇਕ ਬਜ਼ੁਰਗ ਦੇ ਕਤਲ ਅਤੇ ਲੁੱਟ ਦੀ ਵਾਰਦਾਤ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ। ਇਸ ਬਜ਼ੁਰਗ ਦਾ ਕਤਲ ਉਸ ਦੀ ਨੂੰਹ ਨੇ ਹੀ ਆਪਣੇ ਪ੍ਰੇਮੀ ਅਤੇ ਉਸ ਦੇ ਇਕ ਹੋਰ ਦੋਸਤ ਨਾਲ ਮਿਲ ਕੇ ਕਰ ਦਿੱਤਾ ਸੀ । ਇਸ ਮਾਮਲੇ ਵਿੱਚ ਥਾਣਾ ਘੰਨੀਆਂ ਕੇ ਬਾਗੜ ਦੀ ਪੁਲੀਸ ਨੇ ਦੋਸ਼ੀ ਨੂੰਹ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਪੁਲੀਸ ਦੋ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੁਲੀਸ ਅਨੁਸਾਰ ਦੋਸ਼ੀ ਔਰਤ ਪਰਮਜੀਤ ਕੌਰ ਦੇ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਕੁਲਦੀਪ ਸਿੰਘ ਨਾਲ ਇੱਕ ਸਾਲ ਤੋਂ ਨਾਜਾਇਜ਼ ਸਬੰਧ ਸਨ। ਇਸ ਬਾਰੇ ਪਰਮਜੀਤ ਦੇ ਸਹੁਰੇ ਜਗਤਾਰ ਚੰਦ ਨੂੰ ਪਤਾ ਲੱਗ ਚੁੱਕਿਆ ਸੀ। ਇਸ ਘਿਨਾਉਣੀ ਹਰਕਤ ਦਾ ਪਰਦਾਫਾਸ਼ ਹੁੰਦਿਆਂ ਦੇਖ ਕੇ ਪਰਮਜੀਤ ਕੌਰ ਵਲੋਂ ਆਪਣੇ ਪ੍ਰੇਮੀ ਕੁਲਦੀਪ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਨਾਲ ਮਿਲ ਕੇ ਜਗਤਾਰ ਚੰਦ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਰਚੀ ਗਈ। ਬੀਤੀ 17 ਜਨਵਰੀ ਦੀ ਰਾਤ ਨੂੰ ਪਰਮਜੀਤ ਕੌਰ ਆਪਣੇ ਦਿਉਰ ਅਤੇ ਉਸ ਦੀ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚਲੀ ਗਈ। ਪਿਛੇ ਜਗਤਾਰ ਚੰਦ ਘਰ ਦੇ ਵਿਚ ਇਕੱਲਾ ਸੀ। ਇਸ ਦੌਰਾਨ ਸਾਜ਼ਿਸ਼ ਦੇ ਤਹਿਤ ਪਰਮਜੀਤ ਕੌਰ ਦੇ ਪ੍ਰੇਮੀ ਕੁਲਦੀਪ ਸਿੰਘ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਜਗਤਾਰ ਚੰਦ ਦਾ ਕਤਲ ਕਰ ਦਿੱਤਾ ਅਤੇ ਘਰ ਦੇ ਵਿਚ ਰੱਖੇ ਸਾਮਾਨ ਨੂੰ ਇਧਰ ਉਧਰ ਖਿਲਾਰ ਕੇ ਚਾਂਦੀ ਦੇ ਗਹਿਣੇ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਜਿਸ ਨਾਲ ਦੇਖਣ ਵਾਲਿਆਂ ਅਤੇ ਪੁਲਸ ਨੂੰ ਲੱਗਿਆ ਕਿ ਜਗਤਾਰ ਚੰਦ ਦਾ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ।
ਡੀਐਸਪੀ DSP ਰਿਪੁਦਮਨ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪਹਿਲੇ ਦਿਨ ਹੀ ਸ਼ੱਕ ਹੋ ਗਿਆ ਸੀ। ਇਸ ਤੋਂ ਬਾਅਦ ਪੁਲਸ ਵਲੋਂ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਪੜਤਾਲ ਕੀਤੀ ਗਈ ਤਾਂ ਸ਼ੱਕ ਦੇ ਆਧਾਰ ਉੱਤੇ ਮ੍ਰਿਤਕ ਦੀ ਨੂੰਹ ਪਰਮਜੀਤ ਕੌਰ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਇਹ ਸਾਰਾ ਭੇਤ ਖੁਲ ਸਾਹਮਣੇ ਆਇਆ। ਪੁਲੀਸ ਵਲੋਂ ਪਰਮਜੀਤ ਕੌਰ ਕੁਲਦੀਪ ਸਿੰਘ ਅਤੇ ਇੱਕ ਹੋਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਦੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੇਖੋ ਵੀਡੀਓ ਰਿਪੋਰਟ