ਅਗਵਾਕਾਰ ਦਾ ਪਿਘਲਿਆ ਦਿਲ, 4 ਸਾਲ ਦੇ ਬੱਚੇ ਨੂੰ ਛੱਡਿਆ, ਬੱਚੇ ਦੇ ਪਿਤਾ ਵਲੋਂ ਸੋਸ਼ਲ ਮੀਡੀਆ ਤੇ ਕੀਤੀ ਗਈ ਸੀ ਅਪੀਲ

Punjab

ਭਾਰਤ ਵਿਚ ਪੂਨੇ ਦੇ ਬਾਲੇਵਾੜੀ ਤੋਂ ਅਗਵਾ ਕੀਤੇ ਗਏ ਚਾਰ ਸਾਲਾ ਮਾਸੂਮ ਸਵਰਨ ਚਵਾਨ ਉਰਫ਼ ਡੁੱਗੂ ਨੂੰ ਆਖਰਕਾਰ ਇੱਕ ਹਫ਼ਤੇ ਤੋਂ ਬਾਅਦ ਬਰਾਮਦ ਕਰ ਲਿਆ ਗਿਆ। ਡੁੱਗੂ ਲਈ ਸੋਸ਼ਲ ਮੀਡੀਆ ਤੇ ਵੱਡੀ ਮੁਹਿੰਮ ਚਲਾਈ ਗਈ ਸੀ। ਉਸ ਦੇ ਪਿਤਾ ਡਾਕਟਰ ਸਤੀਸ਼ ਚਵਾਨ ਵਲੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਬੇਟੇ ਦੇ ਬਦਲੇ ਅਗਵਾਕਾਰਾਂ ਨੂੰ ਪੈਸੇ ਦੇਣ ਦੀ ਗੱਲ ਕੀਤੀ ਗਈ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਡੁੱਗੂ ਨੂੰ ਛੱਡਣ ਦੇ ਬਦਲੇ ਕੁਝ ਪੈਸੇ ਦਿੱਤੇ ਗਏ ਜਾਂ ਨਹੀਂ।

ਪੂਨੇ ਦੇ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ ਨੇ ਅਗਵਾਹ ਹੋਏ ਬੱਚੇ ਸਵਰਨ ਡੁੱਗੂ ਦੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਕਮਿਸ਼ਨਰ ਰਵਿੰਦਰ ਸ਼ਿਸਵੇ ਨੇ ਦੱਸਿਆ ਕਿ ਡੁੱਗੂ ਨੂੰ 11 ਜਨਵਰੀ ਨੂੰ ਬਾਲੇਵਾੜੀ ਇਲਾਕੇ ਤੋਂ ਅਗਵਾ ਕੀਤਾ ਗਿਆ ਸੀ। ਉਸ ਨੂੰ ਲੱਭਣ ਦੇ ਲਈ 350 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਦੇ ਵਿਚ ਕਈ ਸਾਈਬਰ ਮਾਹਿਰ ਵੀ ਸ਼ਾਮਲ ਕੀਤੇ ਗਏ ਸਨ। ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਮਾਮਲੇ ਵਿਚ ਕੋਈ ਅਣਗਹਿਲੀ ਨਾ ਹੋਵੇ, ਪੁਲਸ ਨੇ ਅੱਗੇ ਵਧਦੇ ਹੋਏ ਬੁੱਧਵਾਰ ਨੂੰ ਪੂਨੇਵਾਲਾ ਦੇ ਇਲਾਕੇ ‘ਚੋਂ ਬੱਚੇ ਨੂੰ ਬਰਾਮਦ ਕਰ ਲਿਆ।

ਅਗਵਾ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੈ

ਇਸ ਮਾਮਲੇ ਨੂੰ ਲੈ ਕੇ ਪੂਨੇ ਦੇ ਚਤੁਸ਼ਰੰਗੀ ਥਾਣੇ ਦੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀਆਂ ਵਲੋਂ ਸਵਰਨ ਚਵਾਨ ਨੂੰ ਕਿਉਂ ਅਗਵਾ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਇੱਕ ਸੀਸੀਟੀਵੀ CCTV ਫੁਟੇਜ ਵਿੱਚ ਇੱਕ ਵਿਅਕਤੀ ਸਵਰਨ ਚਵਾਨ ਨੂੰ ਚੁੱਕ ਕੇ ਲੈ ਗਿਆ ਸੀ। ਜਿਸ ਤੋਂ ਤੁਰੰਤ ਬਾਅਦ ਹੀ ਪੁਲਿਸ ਇਸ ਮਾਮਲੇ ਵਿੱਚ ਸਰਗਰਮ ਹੋ ਗਈ ਸੀ । ਹਾਲਾਂਕਿ ਅਗਵਾਕਾਰ ਦੇ ਸਿਰ ਤੇ ਹੈਲਮੇਟ ਹੋਣ ਕਾਰਨ ਉਸ ਦੀ ਪਛਾਣ ਕਰਨੀ ਮੁਸ਼ਕਿਲ ਹੋ ਰਹੀ ਸੀ। ਬੱਚਾ ਬਰਾਮਦ ਕਰ ਲਿਆ ਗਿਆ ਹੈ। ਪ੍ਰੰਤੂ ਦੋਸ਼ੀ ਅਜੇ ਤੱਕ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ।

ਇਸ ਤਰ੍ਹਾਂ ਸਹੀ ਸਲਾਮਤ ਮਿਲਿਆ ਬੱਚਾ

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ ਮੁਲਜ਼ਮ ਬੱਚੇ ਨੂੰ ਕੁਝ ਮਜ਼ਦੂਰਾਂ ਕੋਲ ਪੂਨੇਵਾਲਾ ਇਲਾਕੇ ਵਿੱਚ ਛੱਡ ਗਿਆ ਸੀ। ਉਸ ਨੇ ਕਿਹਾ ਕਿ ਉਹ ਕੁਝ ਸਮਾਨ ਖਰੀਦ ਕੇ 10 ਮਿੰਟਾਂ ਵਿਚ ਆ ਰਿਹਾ ਹੈ। ਜਦੋਂ ਮੁਲਜ਼ਮ ਵਾਪਸ ਨਹੀਂ ਆਇਆ ਤਾਂ ਪਿੰਡ ਵਾਲਿਆਂ ਨੇ ਬੱਚੇ ਦੇ ਬੈਗ ਦੀ ਜਾਂਚ ਕੀਤੀ ਤਾਂ ਉਸ ਵਿੱਚ ਇੱਕ ਫ਼ੋਨ ਨੰਬਰ ਮਿਲਿਆ। ਪਹਿਲਾਂ ਇਸ ਨੰਬਰ ਤੇ ਫੋਨ ਕਰਕੇ ਅਤੇ ਫਿਰ ਥਾਣੇ ਵਿਚ ਬੱਚੇ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੱਤੀ ਗਈ। ਬੱਚੇ ਦੇ ਬੈਗ ਵਿੱਚੋਂ ਬਰਾਮਦ ਹੋਇਆ ਫ਼ੋਨ ਨੰਬਰ ਉਸ ਦੇ ਪਿਤਾ ਡਾਕਟਰ ਸਤੀਸ਼ ਚਵਾਨ ਦਾ ਸੀ। ਉਸ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਅਤੇ ਵੀਡੀਓ ਕਾਲ ਰਾਹੀਂ ਬੱਚੇ ਨਾਲ ਗੱਲ ਕੀਤੀ। ਇਸ ਤੋਂ ਬਾਅਦ ਪੁਲਸ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਡੁੱਗੂ ਨੂੰ ਬਰਾਮਦ ਕਰ ਲਿਆ ਗਿਆ। ਮੇਅਰ ਵਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *