ਕੱਦ ਛੋਟਾ ਪਰ ਸੁਪਨੇ ਵੱਡੇ ਨੇ, ਮਿਲੋ ਸਭ ਤੋਂ ਛੋਟੀ ਵਕੀਲ ਨੂੰ, ਲੋਕਾਂ ਦੀ ਕਿੰਤੂ ਪ੍ਰੰਤੂ ਸੁਣਦਿਆਂ, ਮਿਹਨਤ ਨਾਲ ਕੀਤੀ ਕਾਮਯਾਬੀ ਹਾਸਲ

Punjab

ਇਹ ਖ਼ਬਰ ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਕਦੇ ਵੀ ਜ਼ਿੰਦਗੀ ਵਿਚ ਕਿਸੇ ਇਨਸਾਨ ਨੂੰ ਸ਼ਕਲ ਕੱਦ ਜਾਂ ਪੈਸੇ ਦੇਖ ਕੇ ਮੰਜ਼ਿਲ ਨਹੀਂ ਮਿਲਦੀ। ਕਿਸੇ ਵੀ ਮੰਜਿਲ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਅਤੇ ਬੁਲੰਦ ਹੌਂਸਲਾ ਰੱਖਣਾ ਪੈਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਮਹਿਲਾ ਵਕੀਲ ਦੀ ਕਹਾਣੀ ਨੂੰ ਦੱਸਣ ਜਾ ਰਹੇ ਹਾਂ ਜਿਸ ਨੇ ਬਚਪਨ ਤੋਂ ਹੀ ਲੋਕਾਂ ਦੇ ਤਾਅਨੇ ਸੁਣੇ ਅਤੇ ਇਹ ਸਾਬਤ ਕਰ ਦਿੱਤਾ ਕਿ ਮਿਹਨਤ ਅਤੇ ਸਾਫ ਇਰਾਦੇ ਨਾਲ ਹਰ ਕੋਈ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਹੈ। ਜਿਲ੍ਹਾ ਜਲੰਧਰ ਵਿਚ ਅਦਾਲਤ ਦੀ ਵਕੀਲ ਅਤੇ ਰਾਮਾਮੰਡੀ ਦੀ ਰਹਿਣ ਵਾਲੀ 24 ਸਾਲਾ ਹਰਵਿੰਦਰ ਕੌਰ ਉਰਫ਼ ਰੂਬੀ ਦਾ ਕੱਦ 3 ਫੁੱਟ 11 ਇੰਚ ਦਾ ਹੈ। ਜਿਸ ਲਈ ਉਸ ਨੂੰ ਕਈ ਤਾਅਨੇ ਵੀ ਸੁਣਨੇ ਪਏ ਹਨ ਪਰ ਉਸ ਨੇ ਕਦੇ ਹਾਰ ਨੂੰ ਸਵੀਕਾਰ ਨਹੀਂ ਕੀਤਾ।

ਏਅਰ ਹੋਸਟੈੱਸ ਬਣਨ ਦਾ ਸੁਪਨਾ ਛੋਟੇ ਕੱਦ ਕਾਰਨ ਟੁੱਟ ਗਿਆ

ਹਰਵਿੰਦਰ ਕੌਰ ਐਡਵੋਕੇਟ ਨੇ ਦੱਸਿਆ ਹੈ ਕਿ ਉਹ ਬਚਪਨ ਤੋਂ ਹੀ ਏਅਰ ਹੋਸਟੈੱਸ ਬਣਨਾ ਚਾਹੁੰਦੀ ਸੀ ਪਰ ਕੱਦ ਛੋਟਾ ਹੋਣ ਕਰਕੇ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ। ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਦਾ ਸਰੀਰਕ ਵਿਕਾਸ ਬਹੁਤ ਹੌਲੀ ਸੀ। ਬਹੁਤ ਸਾਰੇ ਡਾਕਟਰਾਂ ਨੂੰ ਵੀ ਦਿਖਾਇਆ ਦਵਾਈਆਂ ਲਈਆਂ ਮੈਡੀਟੇਸ਼ਨ ਕੀਤੇ ਪਰ ਕੋਈ ਵੀ ਅਸਰ ਨਾ ਹੋਇਆ। ਫਿਰ ਜਦੋਂ ਉਸ ਨੂੰ ਸਮਝ ਆਇਆ ਕਿ ਇਹ ਸਭ ਕੁਝ ਕੁਦਰਤੀ ਹੈ ਤਾਂ ਉਸ ਨੇ ਏਅਰ ਹੋਸਟੈਸ ਬਣਨ ਦੇ ਸੁਪਨੇ ਨੂੰ ਛੱਡ ਦਿੱਤਾ।

ਪਹਿਚਾਣ ਬਣਾਉਣ ਲਈ ਖੁਦ ਨੂੰ ਬਣਾਇਆ ਵਕੀਲ

ਲੋਕ ਉਸ ਦੇ ਕੱਦ ਕਾਰਨ ਹਮੇਸ਼ਾ ਹੀ ਉਸ ਨੂੰ ਤਾਅਨੇ ਮਾਰਦੇ ਸਨ ਜਾਂ ਅਜੀਬ ਨਜ਼ਰ ਨਾਲ ਦੇਖਦੇ ਸਨ। ਉਸ ਨੂੰ ਸਕੂਲ ਦੇ ਵਿਚ ਹਮੇਸ਼ਾ ਕਿਹਾ ਜਾਂਦਾ ਸੀ ਕਿ ਉਸ ਨਾਲ ਅਜਿਹਾ ਨਹੀਂ ਹੋਵੇਗਾ। ਇਸ ਲਈ ਆਪਣੇ ਆਪ ਨੂੰ ਕੁਝ ਸਾਬਤ ਕਰਨ ਦੇ ਲਈ ਉਸ ਨੇ 12ਵੀਂ ਤੋਂ ਬਾਅਦ ਕਾਨੂੰਨ ਦੇ ਖੇਤਰ ਵਿਚ ਆਉਣ ਬਾਰੇ ਸੋਚਿਆ ਤਾਂ ਜੋ ਉਹ ਆਪਣੀ ਪਹਿਚਾਣ ਬਣਾ ਸਕੇ। ਹੁਣ ਅੱਗੇ ਉਸ ਦਾ ਸੁਪਨਾ ਜੱਜ ਬਣਨ ਦਾ ਹੈ।

ਮਨ ਵਿਚ ਆਉਂਦੇ ਸੀ ਆਤਮਹੱਤਿਆ ਦੇ ਖਿਆਲ

ਆਪਣੇ ਬਾਰੇ ਅੱਗੇ ਹਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਹਮੇਸ਼ਾ ਬਹੁਤ ਮਜ਼ਾਕ ਉਡਾਇਆ ਗਿਆ। ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਲੋਕਾਂ ਦੇ ਤਾਅਨੇ ਮਿਹਣਿਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਰੱਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੇ ਮਨ ਵਿਚ ਆਤਮਹੱਤਿਆ ਕਰਨ ਦੇ ਵਿਚਾਰ ਵੀ ਆਉਣ ਲੱਗੇ ਸਨ। ਕਿਉਂਕਿ ਉਹ ਕਿਸੇ ‘ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਇਸ ਤੋਂ ਪਿੱਛੋਂ ਜਦੋਂ ਉਹ ਕਾਲਜ ਜਾਣ ਲੱਗੀ ਤਾਂ ਉਸਦੀ ਜ਼ਿੰਦਗੀ ਬਹੁਤ ਬਦਲ ਗਈ ਅਤੇ ਫਿਰ ਉਹ ਆਪਣੇ ਬਾਰੇ ਬਹੁਤ ਸਕਾਰਾਤਮਕ ਰਹਿਣ ਲੱਗ ਪਈ ।

ਕਾਫੀ ਮਦਦ ਸੋਸ਼ਲ ਮੀਡੀਆ ਨੇ ਕੀਤੀ

ਐਡਵੋਕੇਟ ਨੇ ਦੱਸਿਆ ਕਿ 12ਵੀਂ ਦੇ ਇਮਤਿਹਾਨ ਤੋਂ ਬਾਅਦ ਜਦੋਂ ਉਹ ਸਾਰਾ ਦਿਨ ਘਰ ਵਿਚ ਰਹਿੰਦੀ ਸੀ ਤਾਂ ਉਹ ਪ੍ਰੇਰਣਾ ਦੇਣ ਵਾਲੀਆਂ ਵੀਡੀਓ ਦੇਖਦੀ ਸੀ। ਜਿਸ ਨਾਲ ਉਸ ਦਾ ਹੌਂਸਲਾ ਮਜਬੂਤ ਹੁੰਦਾ ਸੀ। ਫਿਰ ਉਸ ਨੇ ਆਪਣੇ ਆਪ ਨੂੰ ਜਿਵੇਂ ਦੀ ਹੈ ਉਸੇ ਤਰ੍ਹਾਂ ਸਵੀਕਾਰ ਕਰਕੇ ਕੁਝ ਬਣਨ ਦਾ ਫੈਸਲਾ ਕੀਤਾ ਅਤੇ ਕਾਨੂੰਨ ਦੇ ਖੇਤਰ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਸੋਸ਼ਲ ਮੀਡੀਆ ਉਤੇ ਜਦੋਂ ਲੋਕਾਂ ਨੇ ਉਸ ਨੂੰ ਅਪਣਾ ਲਿਆ ਅਤੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਸ ਦਾ ਹੌਂਸਲਾ ਵਧਣ ਲੱਗਿਆ। ਸੋਸ਼ਲ ਮੀਡੀਆ ਤੇ ਕਈ ਵਾਰ ਚੰਗੀਆਂ ਮਾੜੀਆਂ ਟਿੱਪਣੀਆਂ ਆਉਂਦੀਆਂ ਰਹਿੰਦੀਆਂ ਸਨ। ਪਰ ਫਿਰ ਮਾੜੀਆਂ ਟਿੱਪਣੀਆਂ ਦਾ ਉਸ ਉਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਇਹ ਸਭ ਤਾਂ ਉਹ ਬਚਪਨ ਤੋਂ ਸੁਣਦੀ ਆ ਰਹੀ ਸੀ। ਪਰ ਚੰਗੀਆਂ ਟਿੱਪਣੀਆਂ ਉਸ ਨੂੰ ਹਮੇਸ਼ਾ ਉਤਸ਼ਾਹਿਤ ਕਰਦੀਆਂ ਸਨ ਅਤੇ ਹੌਸਲਾ ਵਧਾਉਂਦੀਆਂ ਸਨ।

ਲੋਕ ਅਜੇ ਵੀ ਕਈ ਵਾਰ ਉਸ ਨੂੰ ਬੱਚਾ ਸਮਝਦੇ ਹਨ

ਅੱਗੇ ਐਡਵੋਕੇਟ ਹਰਵਿੰਦਰ ਕੌਰ ਨੇ ਦੱਸਿਆ ਕਿ ਹੁਣ ਵੀ ਕਈ ਵਾਰ ਲੋਕ ਉਸ ਨੂੰ ਬੱਚਾ ਸਮਝ ਕੇ ਉਸ ਨਾਲ ਅਜਿਹਾ ਸਲੂਕ ਕਰਦੇ ਹਨ। ਇੱਕ ਵਾਰ ਜਦੋਂ ਉਹ ਕਚਹਿਰੀਆਂ ਵਿੱਚ ਗਈ ਤਾਂ ਪਾਠਕ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਵਕੀਲ ਦਾ ਪਹਿਰਾਵਾ ਪਾ ਕੇ ਅਦਾਲਤ ਵਿੱਚ ਕਿਉਂ ਲੈ ਕੇ ਆਏ ਹੋ। ਫਿਰ ਉਸ ਦੇ ਇਕ ਵਕੀਲ ਸਾਥੀ ਨੇ ਦੱਸਿਆ ਕਿ ਉਹ ਵੀ ਵਕੀਲ ਹੈ। ਹੁਣ ਵੀ ਕਈ ਵਾਰ ਉਨ੍ਹਾਂ ਨੂੰ ਬਚਪਨ ਵਾਗੂੰ ਟਾਫੀ ਤੇ ਚਾਕਲੇਟ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *