ਭਾਰਤ ਸਟੇਟ ਹਰਿਆਣਾ ਦੇ ਜਿਲ੍ਹਾ ਕਰਨਾਲ ਵਿੱਚ ਧੁੰਦ ਦਾ ਕਾਫੀ ਕਹਿਰ ਦੇਖਣ ਨੂੰ ਮਿਲਿਆ। ਇਥੇ ਰਾਤ ਦੇ ਸਮੇਂ ਜ਼ਿਲ੍ਹੇ ਦੀ ਭਾਖੜਾ ਐਸਵਾਈਐਲ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਪਈ। ਇਸ ਕਾਰ ਦੇ ਡਰਾਈਵਰ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਵਿਚੋਂ ਬਾਹਰ ਕੱਢਿਆ ਗਿਆ। ਅਸਲ ਵਿਚ ਬੀਤੀ ਰਾਤ ਕਾਫੀ ਜਿਆਦਾ ਧੁੰਦ ਸੀ। ਇੱਕ ਵਿਅਕਤੀ ਆਪਣੀ ਕਾਰ ਵਿੱਚ ਪਿੰਡ ਪੁੰਡਰਕ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਸੰਘਣੀ ਧੁੰਦ ਦੇ ਕਾਰਨ ਸੜਕ ਦਿਖਾਈ ਨਹੀਂ ਦਿੱਤੀ ਅਤੇ ਕਾਰ ਡਰਾਈਵਰ ਕਾਰ ਸਣੇ ਨਹਿਰ ਵਿੱਚ ਜਾ ਡਿੱਗਿਆ।
ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ
ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਲਾਗ ਪਾਸ ਮੌਜੂਦ ਲੋਕਾਂ ਨੇ ਨਹਿਰ ਵਿੱਚ ਕਾਰ ਦੀ ਲਾਈਟ ਜਗਦੀ ਦੇਖੀ ਤਾਂ ਉਨ੍ਹਾਂ ਵਲੋਂ ਨਹਿਰ ਵਿੱਚ ਉਤਰ ਕੇ ਕਾਰ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਬਾਅਦ ਵਿੱਚ ਕਾਰ ਨੂੰ ਵੀ ਕਰੇਨ ਦੀ ਬੁਲਾ ਕੇ ਉਸ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਕਾਰ ਡਰਾਈਵਰ ਨੇ ਦੱਸਿਆ ਕਿ ਉਸ ਨੇ ਕਾਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਰ ਦੀ ਖਿੜਕੀ ਖੋਲ੍ਹ ਕੇ ਬਾਹਰ ਨਾ ਨਿਕਲ ਸਕਿਆ ਤਾਂ ਉਸ ਨੇ ਕਾਰ ਦੀ ਖਿੜਕੀ ਤੋੜ ਦਿੱਤੀ ਅਤੇ ਇੰਨੇ ਨੂੰ ਪਿੰਡ ਦੇ ਲੋਕ ਵੀ ਮੌਕੇ ਉਤੇ ਆ ਪਹੁੰਚੇ।
ਪਿੰਡ ਵਾਲਿਆਂ ਦੀ ਮਦਦ ਦੇ ਨਾਲ ਉਸ ਕਾਰ ਨੂੰ ਬਾਹਰ ਕੱਢਿਆ ਗਿਆ। ਗੋਤਾਖੋਰ ਪ੍ਰਗਟ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਮਿਲ ਕੇ ਪਿੰਡ ਵਾਸੀ ਅੱਜ ਬਾਅਦ ਦੁਪਹਿਰ ਗੱਡੀ ਨੂੰ ਲੱਭਣ ਲਈ ਉਥੇ ਇਕੱਠੇ ਹੋਏ। ਕਾਫੀ ਮੁਸ਼ੱਕਤ ਤੋਂ ਬਾਅਦ ਗੋਤਾਖੋਰ ਪ੍ਰਗਟ ਸਿੰਘ ਵਲੋਂ ਚੁੰਬਕ ਰਾਹੀਂ ਕਾਰ ਨੂੰ ਨਹਿਰ ਵਿੱਚੋਂ ਲੱਭਿਆ ਗਿਆ ਅਤੇ ਫਿਰ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਦੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ
ਕਾਰ ਨੂੰ ਨਹਿਰ ਵਿਚੋਂ ਕੱਢਣ ਸਮੇਂ ਓਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਨਹਿਰ ਦੇ ਕਿਨਾਰੇ ਤੋਂ ਆਉਣ ਵਾਲੇ ਰਸਤੇ ਉਤੇ ਨਾ ਤਾਂ ਕੋਈ ਸਾਈਨ ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਇਸ ਨੂੰ ਰੋਕਣ ਦੇ ਲਈ ਕੋਈ ਕੰਧ ਬਣਾਈ ਗਈ ਹੈ। ਜਿਸ ਦੇ ਕਾਰਨ ਇੱਥੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਨਹਿਰ ਨੂੰ ਜਾਂਦੀ ਸੜਕ ਉੱਤੇ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਕੋਈ ਵੀ ਵਾਹਨ ਚਾਲਕ ਡੂੰਘੀ ਧੁੰਦ ਦੇ ਕਾਰਨ ਨਹਿਰ ਵਿਚ ਨਾ ਡਿੱਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇੱਥੇ ਗਰਿਲਿੰਗ ਕੰਧ ਵੀ ਨੂੰ ਵੀ ਬਣਾਇਆ ਜਾਵੇ।