ਇਹ ਖ਼ਬਰ ਪੰਜਾਬ ਦੇ ਬਟਾਲਾ ਤੋਂ ਹੈ। ਹੁਣ ਫਿਰ ਤਕਰੀਬਨ ਡੇਢ ਮਹੀਨੇ ਤੋਂ ਬਾਅਦ ਸਹਿਕਾਰੀ ਖੰਡ ਮਿੱਲ ਬਟਾਲਾ ਵਿੱਚ ਮੁੜ ਬਾਇਲਰ ਫੱਟਣ ਦਾ ਹਾਦਸਾ ਸਾਹਮਣੇ ਆਇਆ ਹੈ। ਪਰ ਇਸ ਵਾਰ 4 ਮਜ਼ਦੂਰ ਗਰਮ ਪਾਣੀ ਦੀ ਲਪੇਟ ਵਿਚ ਆ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਮਜ਼ਦੂਰਾਂ ਵਲੋਂ ਆਪਣੇ ਹੀ ਸੁਪਰਵਾਈਜ਼ਰ ਦੇ ਉਤੇ ਜ਼ਬਰਦਸਤੀ ਬਾਇਲਰ ਨੂੰ ਖੋਲ੍ਹਣ ਦਾ ਦੋਸ਼ ਲਾਇਆ ਗਿਆ ਹੈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਇਸ ਖ਼ਬਰ ਦੀ ਵੀਡੀਓ ਰਿਪੋਰਟ
ਇਸ ਘਟਨਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸਵੇਰੇ 8 ਵਜੇ ਹੋਈ ਹੈ। ਖੰਡ ਮਿੱਲ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਸੁਪਰਵਾਈਜ਼ਰ ਨੇ ਜ਼ਬਰਦਸਤੀ ਬਾਇਲਰ ਖੋਲ੍ਹਿਆ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਦੇ ਵਿੱਚ ਸੂਰਜ ਮਸੀਹ ਵਾਸੀ ਬਹਾਦਰਪੁਰ ਸੁਖਜੀਤ ਸਿੰਘ ਵਾਸੀ ਕੰਡਿਆਲ ਮੈਨੂਅਲ ਮਸੀਹ ਅਤੇ ਮੁਖਤਾਰ ਮਸੀਹ ਵਾਸੀ ਸ਼ਕਰੀ ਜਖਮੀ ਹੋ ਗਏ ਹਨ।
ਇਨ੍ਹਾਂ ਜ਼ਖਮੀਆਂ ਨੇ ਦੱਸਿਆ ਹੈ ਕਿ ਸਵੇਰੇ ਸੁਪਰਵਾਈਜ਼ਰ ਸਤਨਾਮ ਸਿੰਘ ਉਨ੍ਹਾਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਬਾਇਲਰ ਖੋਲ੍ਹਣ ਦੇ ਲਈ ਕਹਿਣ ਲੱਗਿਆ। ਉਸ ਸਮੇਂ ਬਾਇਲਰ ਦਾ ਪ੍ਰੈਸ਼ਰ ਜ਼ਿਆਦਾ ਹੋਣ ਦੇ ਕਾਰਨ ਸਾਰਿਆਂ ਨੇ ਇਸ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਪਰ ਸੁਪਰਵਾਈਜ਼ਰ ਨਹੀਂ ਮੰਨਿਆ। ਬਹੁਤ ਜ਼ਿਆਦਾ ਜ਼ੋਰ ਪਾਉਣ ਤੇ ਮਜ਼ਦੂਰਾਂ ਨੇ ਇੱਕ-ਇੱਕ ਕਰਕੇ ਨੱਟ ਖੋਲ੍ਹਣੇ ਸ਼ੁਰੂ ਕਰ ਦਿੱਤੇ। ਜਿਉਂ ਹੀ ਪਿਛਲੇ ਦੋ ਨੱਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਇਲਰ ਵਿੱਚੋਂ ਪਾਣੀ ਦਾ ਫੁਹਾਰਾ ਨਿਕਲਿਆ ਅਤੇ ਮਜ਼ਦੂਰਾਂ ਉਪਰ ਡਿੱਗ ਪਿਆ।
ਇਸ ਘਟਨਾ ਤੋਂ ਬਾਅਦ ਸਹਿਯੋਗੀਆਂ ਨੇ ਹਸਪਤਾਲ ਪਹੁੰਚਾਇਆ
ਅੱਗੇ ਮਜ਼ਦੂਰਾਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਮਜਦੂਰ ਸਾਥੀ ਉਨ੍ਹਾਂ ਨੂੰ ਹਸਪਤਾਲ ਲੈ ਗਏ। ਜਦ ਕਿ ਉਨ੍ਹਾਂ ਦਾ ਸੁਪਰਵਾਈਜ਼ਰ ਮੌਕੇ ਤੋਂ ਗਾਇਬ ਹੋ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਗਰਮ ਪਾਣੀ ਦੇ ਕਾਰਨ ਮਜ਼ਦੂਰਾਂ ਦੇ ਸਰੀਰ ਝੁਲਸ ਗਏ ਹਨ। ਮੁੱਢਲੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਹੋਰ ਲੋੜ ਪਈ ਤਾਂ ਮਰੀਜ਼ਾਂ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਜਾਵੇਗਾ।
ਪਹਿਲਾਂ ਇਹ ਹਾਦਸਾ 15 ਨਵੰਬਰ ਨੂੰ ਵੀ ਵਾਪਰਿਆ ਸੀ
ਤਕਰੀਬਨ ਡੇਢ ਮਹੀਨਾ ਪਹਿਲਾਂ ਵੀ 15 ਨਵੰਬਰ 2021 ਨੂੰ ਬਾਇਲਰ ਫਟਣ ਦੀ ਘਟਨਾ ਵਾਪਰੀ ਸੀ। ਪਰ ਉਸ ਸਮੇਂ ਮਜ਼ਦੂਰ ਇਸ ਦੀ ਲਪੇਟ ਵਿਚ ਆਉਣ ਤੋਂ ਬਚ ਗਏ ਸਨ। ਉਸ ਸਮੇਂ ਬਾਇਲਰ ਫਟਣ ਤੋਂ ਬਾਅਦ ਮਿੱਲ ਨੂੰ ਪੰਜ ਦਿਨਾਂ ਲਈ ਬੰਦ ਰੱਖਿਆ ਗਿਆ ਸੀ।
ਇਸ ਖ਼ਬਰ ਦੀ ਵੀਡੀਓ ਰਿਪੋਰਟ