ਪੰਜਾਬ ਵਿਚ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਤਹਿਸੀਲ ਅਜਨਾਲੇ ਦੇ ਨਾਲ ਸਬੰਧਤ 37 ਸਾਲਾਂ ਦੇ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਪਿੰਡ ਮੋਹਨ ਭੰਡਾਰੀਆਂ ਵਿੱਚ ਪਹੁੰਚਿਆ। ਪਰਿਵਾਰਕ ਮੈਬਰਾਂ ਦੇ ਵੱਲੋਂ ਗਮਗੀਨ ਮਾਹੌਲ ਦੇ ਵਿੱਚ ਮ੍ਰਿਤਕ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਸੰਬੰਧ ਵਿਚ ਜਾਣਕਾਰੀ ਸਾਂਝੀ ਕਰਦਿਆਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੀ ਆਰਥਕ ਹਾਲਾਤ ਸੁਧਾਰਨ ਦੀ ਕੋਸ਼ਿਸ਼ ਵਿੱਚ ਕੁੱਝ ਸਾਲ ਪਹਿਲਾਂ ਦੁਬਈ ਵਿਚ ਮਿਹਨਤ ਮਜਦੂਰੀ ਕਰਨ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਦੁਬਈ ਦੀ ਇੱਕ ਕੰਪਨੀ ਵਿੱਚ ਬਤੋਰ ਚਾਲਕ ਕੰਮ ਕਰਦਾ ਸੀ। ਪਰ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਵਿੱਚ ਉਸਦੀ ਕੰਪਨੀ ਨੇ ਉਸ ਨੂੰ ਕੰਮ ਤੋਂ ਜੁਆਬ ਦੇ ਦਿੱਤੇ ਸੀ। ਜਿਸ ਦੇ ਕਾਰਨ ਉਸਨੇ ਵਾਪਸ ਪੰਜਾਬ ਆਪਣੇ ਘਰ ਆਉਣ ਲਈ ਬੀਤੀ 18 ਜਨਵਰੀ ਦੀ ਟਿਕਟ ਵੀ ਖ੍ਰੀਦ ਲਈ ਸੀ। ਪਰ ਕੰਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਰਣਜੀਤ ਸਿੰਘ 16 ਜਨਵਰੀ ਨੂੰ ਅਚਾਨਕ ਚੱਕਰ ਖਾਕੇ ਜ਼ਮੀਨ ਉੱਤੇ ਡਿੱਗ ਪਿਆ। ਜਿਸ ਦੀ 17 ਜਨਵਰੀ ਨੂੰ ਹਸਪਤਾਲ ਦੇ ਵਿੱਚ ਦਿਮਾਗ ਦੀ ਨਾੜ ਫਟਣ ਦੇ ਕਾਰਨ ਮੌਤ ਹੋ ਗਈ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਸੰਬੰਧ ਵਿਚ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਦੇ ਪਰਵਾਰਿਕ ਮੈਬਰਾਂ ਨੇ ਸੰਪਰਕ ਕੀਤਾ। ਪਰਿਵਾਰ ਦੀ ਆਰਥਕ ਹਾਲਤ ਦਾ ਹਵਾਲਿਆ ਦਿੰਦਿਆਂ ਮ੍ਰਿਤਕ ਦੀ ਦੇਹ ਭਾਰਤ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਨ ਦੇ ਲਈ ਕਿਹਾ ਸੀ।। ਜਿਸ ਉੱਤੇ ਉਨ੍ਹਾਂ ਨੇ ਦੁਬਈ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਦੇ ਨਾਲ ਰਣਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਦੁਬਈ ਤੋਂ ਭਾਰਤ ਉਸ ਦੇ ਪਿੰਡ ਮੋਹਨ ਭੰਡਾਰੀਆਂ ਵਿੱਚ ਭੇਜਿਆ ਹੈ।
ਇਸ ਪੀਡ਼ਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਟਰੱਸਟ ਦੇ ਸੀਨੀਅਰ ਅਧਿਕਾਰੀ ਡਾ. ਸਤਨਾਮ ਸਿੰਘ ਨਿੱਝਰ ਮਨਪ੍ਰੀਤ ਸਿੰਘ ਸੰਧੂ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਪਰਿਵਾਰ ਦੀ ਆਰਥਕ ਹਾਲਤ ਨੂੰ ਵੇਖਦਿਆਂ ਟਰੱਸਟ ਦੇ ਪ੍ਰਮੁੱਖ ਡਾ. ਓਬਰਾਏ ਦੇ ਵੱਲੋਂ ਮ੍ਰਿਤਕ ਦੀ ਪਤਨੀ ਨੂੰ 2500 ਰੁਪਏ ਜਦੋਂ ਕਿ ਉਸਦੀ ਬੁਜੁਰਗ ਮਾਤਾ ਨੂੰ 1000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਜਿਸਦਾ ਪਹਿਲਾ ਚੈਕ ਅੱਜ ਹੀ ਪੀਡ਼ਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡਾ. ਓਬਰਾਏ ਦੇ ਜਤਨਾਂ ਸਦਕਾ ਹੁਣ ਤੱਕ 289 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਇਸ ਦੌਰਾਨ ਮ੍ਰਿਤਕ ਰਣਜੀਤ ਸਿੰਘ ਦੀ ਬਜੁਰਗ ਵਿਧਵਾ ਮਾਂ ਨਰਿੰਦਰ ਕੌਰ ਪਤਨੀ ਮਨਪ੍ਰੀਤ ਕੌਰ ਤਾਇਆ ਸੂਬਾ ਸਿੰਘ ਚਾਚਾ ਗੁਰਮੀਤ ਸਿੰਘ ਭਰਾ ਬਿਕਰਮਜੀਤ ਸਿੰਘ ਜਸਬੀਰ ਸਿੰਘ ਰਾਜਬੀਰ ਸਿੰਘ ਹੈਪੀ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਅਤੇ ਦੂਜੇ ਇਲਾਕਾ ਵਾਸੀਆਂ ਵਲੋਂ ਮ੍ਰਿਤਕ ਦੀ ਦੇਹ ਲੈ ਕੇ ਆਉਣ ਲਈ ਬਹੁਤ ਸਹਿਯੋਗ ਕਰਨ ਉੱਤੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ।