ਪੰਜਾਬ ਦੇ ਜਿਲ੍ਹਾ ਪਟਿਆਲਾ ਸ਼ਹਿਰ ਵਿੱਚ ਚਾਇਨਾ ਡੋਰ ਉਸ ਸਮੇਂ ਕਾਲ ਬਣ ਕੇ ਸਾਹਮਣੇ ਆਈ ਜਦੋਂ ਮੋਟਰਸਾਇਕਲ ਤੇ ਡਿਊਟੀ ਤੋਂ ਆਪਣੇ ਘਰ ਨੂੰ ਆ ਰਹੇ ਪਾਵਰਕਾਮ ਦੇ ਜੇ. ਈ. ਪਵਨ ਕੁਮਾਰ ਉਮਰ 53 ਸਾਲ ਵਾਸੀ ਕਲਿਆਣ ਡੇਰਾ ਨਾਭਾ ਰੋਡ ਪਟਿਆਲਾ ਦੇ ਗਲੇ ਵਿਚ ਫਸ ਗਈ ਅਤੇ ਗਲਾ ਕੱਟਣ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਵਨ ਕੁਮਾਰ 220 ਗਰਿਡ ਅਬਲੋਵਾਲ ਵਿੱਚ ਬਤੌਰ ਜੇ. ਈ. JE ਤੈਨਾਤ ਸਨ। ਗਰਿਡ ਦੇ ਸਟਾਫ ਨੇ ਦੱਸਿਆ ਕਿ ਇਹ ਹਾਦਸਾ ਅਬਲੋਵਾਲ ਪੁਲੀ ਦੇ ਕੋਲ ਹੋਇਆ ਜਿੱਥੇ ਉਨ੍ਹਾਂ ਨੂੰ ਪਤਾ ਹੀ ਨਹੀਂ ਲਗਾ ਕਿ ਡੋਰ ਕਦੋਂ ਉਨ੍ਹਾਂ ਦੇ ਗਲੇ ਨੂੰ ਲਿਪਟ ਗਈ ਅਤੇ ਉਨ੍ਹਾਂ ਦਾ ਗਲਾ ਕੱਟਿਆ ਗਿਆ। ਪਵਨ ਕੁਮਾਰ ਨੂੰ ਜਖ਼ਮੀ ਹਾਲਤ ਦੇ ਵਿੱਚ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ। ਉੱਥੋਂ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਪਵਨ ਕੁਮਾਰ ਦੇ ਪਰਿਵਾਰ ਵਿੱਚ ਇੱਕ ਧੀ ਅਤੇ ਪੁੱਤਰ ਹੈ। ਪਰਿਵਾਰ ਵਾਲਿਆਂ ਦਾ ਨਰਾਜਗੀ ਸੀ ਕਿ ਚਾਇਨਾ ਡੋਰ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੋਈ ਸਖਤੀ ਨਹੀਂ ਕੀਤੀ ਜਾ ਰਹੀ। ਸਿਰਫ ਖਾਨਾਪੂਰਤੀ ਕਰਨ ਲਈ ਇੱਕ ਕੇਸ ਦਰਜ ਕੀਤਾ ਗਿਆ ਹੈ।
ਹਾਦਸੇ ਵਿਚ ਮ੍ਰਿਤਕ ਜੇ. ਈ. ਦੇ ਬੱਚਿਆਂ ਦਾ ਰੋਸ਼
ਜੇ. ਈ. ਦੇ ਬੱਚਿਆਂ ਵਿਚ ਇਸ ਮੌਕੇ ਰੋਸ਼ ਸੀ ਕਿ ਪੁਲਿਸ ਦੀ ਇਸ ਖਾਨਾਪੂਰਤੀ ਤੋਂ ਬਾਅਦ ਉਨ੍ਹਾਂ ਦਾ ਪਿਤਾ ਵਾਪਸ ਨਹੀਂ ਆਵੇਗਾ। ਉਨ੍ਹਾਂ ਦਾ ਕਹਿਣਾ ਸੀ ਜੋ ਕੇਸ ਵੀ ਦਰਜ ਕੀਤਾ ਜਾਂਦਾ ਹੈ ਤਾਂ ਉਸ ਦੀ ਥਾਣੇ ਵਿੱਚ ਜ਼ਮਾਨਤ ਹੈ ਅਤੇ ਬਾਅਦ ਵਿੱਚ ਪਤਾ ਵੀ ਨਹੀਂ ਲੱਗਦਾ ਕੀ ਕੇਸ ਹੋਇਆ ਹੈ। ਇਸ ਮਾਮਲੇ ਦੇ ਵਿੱਚ ਬਜਾਏ 188 ਆਈ. ਪੀ. ਸੀ. ਦੇ ਅਨੁਸਾਰ ਕੇਸ ਦਰਜ ਕਰਨ ਦੇ ਇਸ ਮਾਮਲੇ ਵਿੱਚ ਕਤਲ ਦੇ ਕੇਸ ਨੂੰ ਦਰਜ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਦੀ ਢਿੱਲੀ ਕਾਰਵਾਈ ਦੇ ਰਹੀ ਹੈ ਮੌਤ ਨੂੰ ਸੱਦਾ
ਪੁਲਿਸ ਦੀ ਢਿੱਲੀ ਕਾਰਵਾਈ ਮੌਤ ਨੂੰ ਸੱਦਾ ਦੇ ਰਹੀ ਹੈ। ਜੇਕਰ ਪੁਲਿਸ ਦੇ ਵੱਲੋਂ ਸਮੇਂ ਸਿਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਦੁਕਾਨਦਾਰਾਂ ਦੀ ਕੀ ਹਿਮਤ ਹੈ ਕਿ ਉਹ ਚਾਇਨਾ ਡੋਰ ਵੇਚਣ। ਪੁਲਿਸ ਦੇ ਵੱਲੋਂ ਹਰ ਵਾਰ ਬਸੰਤ ਪੰਚਮੀ ਉੱਤੇ ਛਾਪਮਾਰੀ ਕੀਤੀ ਜਾਂਦੀ ਹੈ ਅਤੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਦੁਕਾਨਦਾਰ ਵੀ ਉਹੀ ਹਨ ਅਤੇ ਕਈਆਂ ਤੇ ਤਾਂ ਹਰ ਸਾਲ ਹੀ ਕੇਸ ਦਰਜ ਹੋ ਜਾਂਦਾ ਹੈ। ਪੁਲਿਸ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਵਪਾਰ ਨਹੀਂ ਸਗੋਂ ਲੋਕਾਂ ਦੀ ਜਾਨ ਲਈ ਖਤਰਨਾਕ ਹੈ। ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਰੌਲਾ ਪੈਂਦਾ ਹੈ ਪਰ ਦੋ ਦਿਨ ਬੀਤਣ ਤੋਂ ਬਾਅਦ ਫਿਰ ਕੋਈ ਵੀ ਯਾਦ ਨਹੀਂ ਰੱਖਦਾ।