ਇਹ ਮੰਦਭਾਗੀ ਖ਼ਬਰ ਪੰਜਾਬ ਤੋਂ ਸਾਹਮਣੇ ਆਈ ਹੈ। ਵਿਧਾਨਸਭਾ ਚੋਣਾਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਚੁਣਾਵੀ ਰੰਜਸ਼ ਵਿੱਚ ਹੱਤਿਆ ਕੀਤੇ ਜਾਣ ਦੀ ਘਟਨਾ ਹੋਈ ਹੈ। ਫਤਹਿਗੜ੍ਹ ਚੂੜੀਆਂ ਦੇ ਵਿੱਚ ਇੱਕ ਅਕਾਲੀ ਦਲ ਸਮਰਥਕ ਦੀ ਜਾਨ ਲੈ ਲਈ ਗਈ। ਇਸ ਮਾਮਲੇ ਦੀ ਸ਼ੁਰੁਆਤ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਰੋਡ ਸ਼ੋਅ ਤੋਂ ਸ਼ੁਰੂ ਹੋਈ ਅਤੇ ਇਸ ਦੌਰਾਨ ਅਕਾਲੀ ਕਾਂਗਰਸੀ ਸਮਰਥਕਾਂ ਦੀ ਆਪਸ ਦੇ ਵਿੱਚ ਬਹਿਸ ਹੋ ਗਈ।
ਇਸੇ ਦੌਰਾਨ ਕਾਂਗਰਸੀ ਸਮਰਥਕਾਂ ਨੇ ਕਰਮਜੀਤ ਸਿੰਘ ਉੱਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ। ਕਰਮਜੀਤ ਸਿੰਘ ਨੂੰ ਤੁਰੰਤ ਹੀ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਟਾਲਾ ਪੁਲਿਸ ਦੇ ਦੱਸਣ ਅਨੁਸਾਰ ਚੋਣ ਪ੍ਚਾਰ ਦੇ ਆਖਰੀ ਦਿਨ ਬਟਾਲੇ ਦੇ ਫਤਹਿਗੜ੍ਹ ਚੂੜੀਆਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਸੀ।
ਇਸ ਰੋਡ ਸ਼ੋਅ ਦੇ ਦੌਰਾਨ ਕਾਂਗਰਸ ਅਤੇ ਅਕਾਲੀ ਸਮਰਥਕਾਂ ਵਿੱਚ ਆਪਸੀ ਬਹਿਸ ਬਾਣੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਟਾਲੇ ਦੇ ਹੀ ਦੋ ਸਰਪੰਚਾਂ ਤਜਿੰਦਰਪਾਲ ਸਿੰਘ ਅਤੇ ਜਸਵੰਤ ਸਿੰਘ ਨੇ ਅਕਾਲੀ ਸਮਰਥਕ ਕਰਮਜੀਤ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ । ਇਨ੍ਹਾਂ ਦੋਸ਼ੀਆਂ ਵਲੋਂ ਕਰਮਜੀਤ ਸਿੰਘ ਦੇ ਸਿਰ ਤੇ ਬੇਸਬਾਲ ਨਾਲ ਹਮਲਾ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵਲੋਂ ਦੋਵਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਵੋਟਾਂ ਨੇ ਪਿਤਾ ਤੋਂ ਖੌਹ ਲਿਆ ਪੁੱਤਰ
ਇਸ ਘਟਨਾ ਤੇ ਮ੍ਰਿਤਕ ਦੇ ਪਿਤਾ ਗੁਰਵੰਤ ਸਿੰਘ ਨੇ ਕਿਹਾ ਹੈ ਕਿ ਅਸੀਂ ਤਾਂ ਆਪਣੀ ਪਾਰਟੀ ਦੇ ਲਈ ਵੋਟਾਂ ਮੰਗ ਰਹੇ ਸੀ। ਜਤਿੰਦਰ ਪਾਲ ਸਿੰਘ ਬਲਵਿੰਦਰ ਸਿੰਘ ਤਜਿੰਦਰਪਾਲ ਸਿੰਘ ਮੁਖਤਿਆਰ ਸਿੰਘ ਗੁਰਵਿੰਦਰ ਸਿੰਘ ਜਸਵੰਤ ਸਿੰਘ ਅਤੇ ਕੁੱਝ ਹੋਰ ਲੋਕ ਸਾਡੇ ਕੋਲ ਆਏ ਅਤੇ ਧਮਕਾਉਣ ਲੱਗੇ। ਉਨ੍ਹਾਂ ਨੇ ਮੇਰੇ ਬੇਟੇ ਉੱਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਜ਼ਮੀਨ ਉੱਤੇ ਡਿੱਗਣ ਅਤੇ ਬੇਹੋਸ਼ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਕੁੱਟਦੇ ਰਹੇ। ਇਨ੍ਹਾਂ ਦੋਸ਼ੀਆਂ ਦੇ ਨਾਲ ਸਾਡੀ ਕੋਈ ਵੀ ਦੁਸ਼ਮਣੀ ਨਹੀਂ ਸੀ। ਵੋਟਾਂ ਲਈ ਉਨ੍ਹਾਂ ਨੇ ਮੇਰੇ ਬੇਟੇ ਨੂੰ ਮਾਰ ਮੁਕਾ ਦਿੱਤਾ।