ਪੰਜਾਬ ਰਾਜ ਦੇ ਜਿਲ੍ਹਾ ਫਿਰੋਜਪੁਰ ਦੇ ਵਿੱਚ ਕਿਰਾਏ ਉੱਤੇ ਰਹਿੰਦੇ ਇੱਕ ਕਸ਼ਮੀਰੀ ਪ੍ਰਵਾਸੀ ਨੌਜਵਾਨ ਦੀ ਹੱਤਿਆ ਦੇ ਮਾਮਲੇ ਦਾ ਪੁਲਿਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਮ੍ਰਿਤਕ ਮੁਸ਼ਤਾਕ ਅਹਿਮਦ ਮੀਰ ਉਮਰ 32 ਸਾਲ ਪੁੱਤਰ ਹਬੀਬੁੱਲਾਹ ਮੀਰ ਵਾਸੀ ਸ਼੍ਰੀ ਸਰਾਜਪੁਰਾ ਜਿਲ੍ਹਾ ਕੁਪਵਾੜਾ ਜੰਮੂ ਕਸ਼ਮੀਰ ਦਾ ਭੇਦਭਰੀ ਹਾਲਤ ਦੇ ਵਿੱਚ ਕਤਲ ਹੋ ਗਿਆ ਸੀ। ਸੀ. ਆਈ. ਏ. ਸਟਾਫ ਫਿਰੋਜਪੁਰ ਦੀ ਟੀਮ ਨੇ ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ ਦੇ ਵਿੱਚ ਇਸ ਹੱਤਿਆ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਦੋਸ਼ੀ ਮਹਿਲਾ ਬੇਅੰਤ ਕੌਰ ਪਤਨੀ ਮਾਨ ਸਿੰਘ ਵਾਸੀ ਆਰਿਫਕੇ (ਹੁਣ ਪਿੰਡ ਸੋਢੇ ਵਾਲਾ) ਅਤੇ ਸੋਨੂੰ ਪੁੱਤਰ ਜੀਤਾ ਵਾਸੀ ਆਰਿਫਕੇ (ਹੁਤ ਪਿੰਡ ਸੋਢੇ ਵਾਲਾ) ਨੂੰ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਦਾ ਸਾਈਕਲ ਪਰਸ ਕਾਗਜਾਤ ਮੋਬਾਇਲ ਫੋਨ ਅਤੇ ਆਧਾਰ ਕਾਰਡ ਆਦਿ ਸਾਰੀਆਂ ਚੀਜਾਂ ਨੂੰ ਬਰਾਮਦ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆਂ ਐਸ. ਐਸ. ਪੀ. SSP ਡਾ. ਨਰਿੰਦਰ ਭਾਗ੍ਰਵ ਅਤੇ ਐਸ. ਪੀ. SP ਇੰਵੇਸਟਿਗੇਸ਼ਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਮੁਹੰਮਦ ਮੀਨ ਬੇਗ ਪੁੱਤਰ ਮੁਹੰਮਦ ਰੁਸਤਮ ਵਾਸੀ ਪਿੰਡ ਸਰਾਜਪੁਰਾ ਜਿਲ੍ਹਾ ਕੁਪਵਾੜਾ ਜੰਮੂ ਕਸ਼ਮੀਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਕੁੱਝ ਲੋਕ ਪਿਛਲੇ ਕਰੀਬ 20 ਸਾਲਾਂ ਤੋਂ ਫਿਰੋਜਪੁਰ ਵਿੱਚ ਆਕੇ ਗਰਮ ਕੱਪੜਿਆਂ ਦੇ ਵੇਚਣ ਦਾ ਕੰਮ ਕਰਦੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਬਸਤੀ ਖਾਨੁਵਾਲੀ ਵਿੱਚ ਕਿਰਾਏ ਤੇ ਮਕਾਨ ਲਿਆ ਹੋਇਆ ਹੈ। ਜਿੱਥੇ ਉਹ ਸਾਰੇ ਇੱਕਠੇ ਰਹਿੰਦੇ ਹੈ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਾਥੀ ਮੁਸਤਾਕ ਅਹਿਮਦ ਮੀਰ ਰਹਿੰਦਾ ਸੀ। ਮੁਸਤਾਕ ਅਹਿਮਦ ਉਧਾਰ ਵਿੱਚ ਵੇਚੇ ਗਏ ਕੱਪੜੀਆਂ ਦੇ ਪੈਸੇ ਲੈਣ ਲਈ 17 ਫਰਵਰੀ ਨੂੰ ਸਵੇਰੇ ਆਪਣੇ ਸਾਈਕਲ ਉੱਤੇ ਗਿਆ ਸੀ ਜੋ ਸ਼ਾਮ ਤੱਕ ਵਾਪਸ ਨਹੀਂ ਆਇਆ। ਤਲਾਸ਼ ਕਰਨ ਤੇ ਉਸ ਦੀ ਲਾਸ਼ ਪਿੰਡ ਬਹਾਦੁਰ ਵਾਲੇ ਦੇ ਏਰੀਏ ਦੇ ਖੇਤਾਂ ਵਿੱਚ ਬੋਰੀ ਵਿੱਚ ਬੰਦ ਪਈ ਹੋਈ ਮਿਲੀ ਸੀ ਅਤੇ ਮ੍ਰਿਤਕ ਦੇ ਮੁੰਹ ਵਿਚੋਂ ਖੂਨ ਨਿਕਲਿਆ ਹੋਇਆ ਸੀ।
ਐਸ. ਐਸ. ਪੀ. ਨੇ ਸੰਪਾਦਕਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਐੱਸ. ਪੀ. ਇੰਵੇਸਟਿਗੇਸ਼ਨ ਮਨਵਿੰਦਰ ਸਿੰਘ ਡੀ. ਐੱਸ. ਪੀ. ਇੰਵੇਸਟਿਗੇਸ਼ਨ ਜਗਦੀਸ਼ ਕੁਮਾਰ ਅਤੇ ਸੀ. ਆਈ. ਏ. ਦੇ ਇੰਨਚਾਰਜ ਇੰਸਪੇਕਟਰ ਜਗਦੀਸ਼ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਟੈਕਨੀਕਲ ਅਤੇ ਸਾਇੰਟਿਫਿਕ ਤਰੀਕੇ ਅਤੇ ਆਪਣੇ ਸੋਰਸੇਸ ਦੀ ਮਦਦ ਨਾਲ ਜਾਂਚ ਦਾ ਕੰਮ ਅੱਗੇ ਵਧਾਇਆ। ਇਸ ਬਲਾਇੰਡ ਮਰਡਰ ਨੂੰ ਟਰੇਸ ਕਰਦੇ ਹੋਏ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੁਸਤਾਕ ਦੀ ਹੱਤਿਆ ਕਰਨ ਵਾਲੀ ਮਹਿਲਾ ਬੇਅੰਤ ਕੌਰ ਅਤੇ ਉਸਦੇ ਸਾਥੀ ਸੋਨੂੰ ਨੂੰ ਰੇਲਵੇ ਸਟੇਸ਼ਨ ਫਿਰੋਜਪੁਰ ਦੇ ਕੋਲੋਂ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਇਨ੍ਹਾਂ ਦੋਸ਼ੀਆਂ ਨੇ ਦੱਸਿਆ ਕਿ ਮੁਸਤਾਕ ਅਹਿਮਦ ਮੀਰ ਦਾ ਕੱਪੜੇ ਵੇਚਣ ਲਈ ਉਨ੍ਹਾਂ ਦੇ ਘਰ ਵਿੱਚ ਆਉਣਾ ਜਾਣਾ ਸੀ। ਉਧਾਰ ਦੇ 4800 ਰੁਪਏ ਨਾ ਦੇਣ ਤੇ ਮੁਸਤਾਕ ਅਹਿਮਦ ਮੀਰ ਨੇ ਬੇਅੰਤ ਕੌਰ ਨੂੰ ਕਿਹਾ ਸੀ ਕਿ ਉਹ ਪੈਸੇ ਨਾ ਮਿਲਣ ਤੇ ਉਨ੍ਹਾਂ ਦਾ ਸਾਮਾਨ ਚੁੱਕ ਕੇ ਲੈ ਜਾਵੇਗਾ। ਇਸ ਤਕਰਾਰ ਦੀ ਖੁੰਦਕ ਮਨ ਵਿੱਚ ਰੱਖਦੇ ਹੋਏ ਬੇਅੰਤ ਕੌਰ ਅਤੇ ਸੋਨੂੰ ਨੇ ਮੁਸਤਾਕ ਨੂੰ ਪੈਸੇ ਦੇਣ ਦੇ ਬਹਾਨੇ ਆਪਣੇ ਘਰ ਤੇ ਬੁਲਾਇਆ ਅਤੇ ਕਮਰੇ ਵਿੱਚ ਬਿਠਾ ਲਿਆ ਅਤੇ ਉਸਦੇ ਗਲੇ ਵਿੱਚ ਕੱਪੜਾ ਪਾਕੇ ਉਸਦਾ ਗਲ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਮੰਜੇ ਦੇ ਹੇਠਾਂ ਛੁਪਾ ਦਿੱਤਾ। ਦੋਸ਼ੀਆਂ ਦੇ ਅਨੁਸਾਰ ਰਾਤ ਨੂੰ ਲਾਸ਼ ਬੋਰੇ ਵਿੱਚ ਬੰਦ ਕੀਤੀ ਅਤੇ ਮੋਟਰਸਾਇਕਲ ਉੱਤੇ ਲੈ ਗਏ ਅਤੇ ਲਿੰਕ ਰੋਡ ਤੇ ਖੇਤਾਂ ਵਿੱਚ ਸੁੱਟ ਦਿੱਤੀ। ਉਨ੍ਹਾਂ ਨੇ ਮੰਨਿਆ ਕਿ ਮੁਸਤਾਕ ਅਹਿਮਦ ਦੇ 4800 ਰੁਪਏ ਦੱਬਣ ਦੀ ਨੀਅਤ ਨਾਲ ਉਨ੍ਹਾਂ ਨੇ ਮੁਸਤਾਕ ਦੀ ਹੱਤਿਆ ਕਰ ਦਿੱਤੀ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਨ੍ਹਾਂ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ।