ਰੋਜੀ ਰੋਟੀ ਕਮਾਉਣ ਲਈ ਦੁਬਈ ਗਏ ਦੋ ਨੌਜਵਾਨਾਂ ਨਾਲ, ਵਰਤ ਗਿਆ ਭਾਣਾ, ਦੋਵਾਂ ਦੇ ਮ੍ਰਿਤਕ ਸਰੀਰ ਅੰਮ੍ਰਿਤਸਰ ਪਹੁੰਚੇ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਦੋ ਭਾਰਤੀ ਨੌਜਵਾਨਾਂ ਦੇ ਮ੍ਰਿਤਕ ਸਰੀਰ ਪਹੁੰਚੇ। ਇਹ ਨੌਜਵਾਨ ਆਪਣੇ ਪਰਿਵਾਰ ਦੀ ਆਰਥਕ ਹਾਲਤ ਸੁਧਾਰਨ ਦੇ ਸੁਪਨੇ ਨੂੰ ਆਪਣੇ ਦਿਲ ਵਿਚ ਲੈ ਕੇ ਅਰਬ ਦੇਸ਼ ਵਿੱਚ ਸਖਤ ਮਿਹਨਤ ਕਰ ਰਹੇ ਸਨ। ਦਿਲ ਦਾ ਦੌਰਾ ਪੈਣ ਕਾਰਨ ਇਨ੍ਹਾਂ ਦੋਵਾਂ ਭਾਰਤੀ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਦੋਵੇਂ ਨੌਜਵਾਨਾਂ ਦੇ ਮ੍ਰਿਤਕ ਸਰੀਰ, ਲੋਕਾਂ ਦੀ ਹਰ ਮੁਸ਼ਕਲ ਘੜੀ ਵਿੱਚ ਮਦਦ ਕਰਨ ਵਾਲੇ ਦੁਬਈ ਦੇ ਇੱਕ ਪ੍ਰਮੁੱਖ ਪੇਸ਼ਾਵਰ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ. ਪੀ. ਸਿੰਘ ਓਬੇਰਾਏ ਦੀਆਂ ਕੋਸ਼ਿਸ਼ਾਂ ਦੇ ਤਹਿਤ ਅੱਜ ਸਵੇਰੇ ਰਾਜਾਸਾਂਸੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪਹੁੰਚੇ।

ਮੋਹਾਲੀ ਜਿਲ੍ਹੇ ਦੀ ਖਰੜ ਤਹਿਸੀਲ ਵਾਸੀ ਸੁਸ਼ੀਲ ਯਾਦਵ ਅਤੇ ਜਿਲ੍ਹਾ ਪਟਿਆਲਾ ਦੇ ਪਿੰਡ ਜੱਸੋਮਾਜਰਾ ਵਾਸੀ ਮਨਪ੍ਰੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਲੈਣ ਪਹੁੰਚੇ ਉਨ੍ਹਾਂ ਦੇ ਭਰਾ ਅਨਿਲ ਯਾਦਵ ਅਤੇ ਗੁਰਬਚਨ ਸਿੰਘ ਨੇ ਦੱਸਿਆ ਹੈ ਕਿ ਇਹ ਦੋਵੇਂ ਨੌਜਵਾਨ ਅਜੇ ਕੁਆਰੇ ਸਨ। ਅਨਿਲ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ ਜਨਮ ਭੂਮੀ ਉੱਤਰ ਪ੍ਰਦੇਸ਼ ਅਤੇ ਜਿਲ੍ਹਾ ਮਾਊ ਦੇ ਨਾਲ ਹੈ। ਉਨ੍ਹਾਂ ਦੇ ਪਿਤਾ ਇੱਕ ਸਕੂਲ ਵਿੱਚ ਬਤੌਰ ਮਾਲੀ ਹਨ। ਉਨ੍ਹਾਂ ਨੇ ਦੱਸਿਆ ਕਿ ਸੁਸ਼ੀਲ 2018 ਵਿੱਚ ਵਿਦੇਸ਼ ਗਿਆ ਸੀ। ਮ੍ਰਿਤਕ 26 ਸਾਲ ਮਨਪ੍ਰੀਤ ਸਿੰਘ ਦੇ ਭਰਾ ਗੁਰਬਚਨ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਕਰੀਬ 2 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਕੁੱਝ ਦਿਨ ਪਹਿਲਾਂ ਉਸ ਨੂੰ ਇਹ ਬੁਰੀ ਖਬਰ ਮਿਲੀ ਕਿ ਮਨਪ੍ਰੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਇਨ੍ਹਾਂ ਦੋਵਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐੱਸ. ਪੀ. ਸਿੰਘ ਓਬੇਰਾਏ ਨੇ ਦੱਸਿਆ ਹੈ ਕਿ ਦੋਵੇਂ ਮ੍ਰਿਤਕ ਹਾਲ ਹੀ ਵਿੱਚ ਆਪਣੇ ਪਰਿਵਾਰ ਦੀ ਆਰਥਕ ਹਾਲਤ ਸੁਧਾਰਨ ਦੀ ਕੋਸ਼ਿਸ਼ ਵਿੱਚ ਮਜਦੂਰੀ ਕਰਨ ਦੇ ਲਈ ਦੁਬਈ ਗਏ ਸਨ। ਦੁਬਈ ਵਿੱਚ ਭਾਰਤੀ ਦੂਤਾਵਾਸ ਨੇ ਜਿੱਥੇ ਇਨ੍ਹਾਂ ਦੋਵੇਂ ਲਾਸ਼ਾਂ ਨੂੰ ਵਾਪਸ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਥੇ ਹੀ ਡਾ. ਓਬੇਰਾਏ ਦੇ ਨਿਜੀ ਸਕੱਤਰ ਬਲਦੀਪ ਸਿੰਘ ਚਾਹਲ ਵਲੋਂ ਵੀ ਇਸ ਪੂਰੇ ਆਪ੍ਰੇਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।

Leave a Reply

Your email address will not be published. Required fields are marked *