ਪੰਜਾਬ ਰਾਜ ਵਿਚ ਜਿਲ੍ਹਾ ਲੁਧਿਆਣਾ ਦੇ ਸਮਰਾਲਾ ਸ਼ਹਿਰ ਵਿਚ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਤੋਂ ਇੱਕ ਰਾਤ ਪਹਿਲਾਂ ਸਮਰਾਲਾ ਹਲਕੇ ਵਿੱਚ ਕਥਿਤ ਤੌਰ ਤੇ ਰਾਜਨੀਤਕ ਰਜਿੰਸ਼ ਨੂੰ ਲੈ ਕੇ ਇਕ 19 ਸਾਲ ਦੇ ਨੌਜਵਾਨ ਦਾ ਕਤਲ ਕਰ ਦੇਣ ਦੀ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਕ ਹੋਰ ਨੌਜਵਾਨ ਜੋ ਕਿ ਜਖਮੀ ਹੋ ਗਿਆ ਹੈ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਹਿਰ ਦੇ ਚਾਵਾ ਰੋਡ ਦੇ ਉਪਰ ਹੋਈ ਹੈ ਜਿੱਥੇ ਇਕ ਇਨੋਵਾ ਗੱਡੀ ਦੇ ਵਿੱਚ ਸਵਾਰ ਕੁੱਝ ਨੌਜਵਾਨਾਂ ਦੇ ਵਲੋਂ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਗਈ। ਇਸ ਦੌਰਾਨ ਸਮਰਾਲੇ ਦੇ ਹੀ ਰਹਿਣ ਵਾਲੇ 19 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਵ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ ਦੇ ਨਾਲ ਜਖਮੀ ਹੋ ਗਿਆ ਹੈ।
ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਵਲੋਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਘਟੀ ਇਸ ਘਟਨਾ ਨੂੰ ਰਾਜਸੀ ਰੰਜਸ਼ ਦੱਸਿਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਇੱਕ ਸਾਥੀ ਦੇ ਨਾਲ ਮੋਟਰਸਾਇਕਲ ਉੱਤੇ ਪਪੜੌਦੀ ਰੋਡ ਜਾ ਰਿਹਾ ਸੀ ਉਸ ਦਾ ਇੱਕ ਗੱਡੀ ਦੇ ਵੱਲੋਂ ਪਿੱਛਾ ਕਰਨ ਉੱਤੇ ਉਹ ਅਨਾਜ ਮੰਡੀ ਦੁਆਰਾ ਚਾਵਾ ਰੋਡ ਦੀ ਤਰਫ ਮੁੜ ਗਏ ਉਨ੍ਹਾਂ ਦਾ ਪਿੱਛਾ ਕਰ ਰਹੀ ਇਨੋਵਾ ਗੱਡੀ ਨੇ ਇਨ੍ਹਾਂ ਨੂੰ ਪਿੱਛਲੇ ਪਾਸਿਓ ਜੋਰਦਾਰ ਟੱਕਰ ਮਾਰ ਦਿੱਤੀ।
ਇਸ ਮਾਮਲੇ ਤੇ ਖੰਨਾ ਦੇ ਐੱਸ. ਐੱਸ. ਪੀ. ਜੇ ਇਲਨਚੇਲਿਅਨ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ ਉਮਰ 19 ਸਾਲ ਵਾਸੀ ਸਮਰਾਲਾ ਦੀ ਇਨਾ ਕਥਿਤ ਦੋਸ਼ੀਆਂ ਦੇ ਨਾਲ ਇਕ ਪੁਰਾਣੀ ਰੰਜਸ਼ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਨੇ ਇਸ ਘਟਨਾ ਦੇ ਵਿਚ ਜਖ਼ਮੀ ਹੋਏ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਧਾਰਾ 302, 307, 427 ਅਤੇ 34 ਦੇ ਅਧੀਨ ਪਰਵੇਜ ਖਾਨ ਤਿਵਾੜੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਸਬੰਧੀ ਪੂਰੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਚੱਲ ਰਹੀ ਹੈ ਅਤੇ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਅੱਗੇ ਵਾਲੀ ਬਣਦੀ ਕਾਰਵਾਈ ਕੀਤੀ ਜਾਵੇਗੀ।