ਇਹ ਖ਼ਬਰ ਪੰਜਬ ਦੇ ਤਰਨਤਾਰਨ ਤੋਂ ਹੈ। ਤਰਨਤਾਰਨ ਦੇ ਅੰਦਰ ਪੈਂਦੇ ਪੱਟੀ ਦੇ ਵਿੱਚ 3 ਭੈਣਾਂ ਦਾ ਇਕਲੌਤੇ ਭਰਾ ਨਸ਼ੇ ਦੀ ਭੇਟ ਚੜ੍ਹ ਗਿਆ। ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੇ ਇੰਜੈਕਸ਼ਨ ਲੱਗਣ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਪਿੱਪਲ ਸਿੰਘ ਉਮਰ 22 ਸਾਲ ਪੁੱਤਰ ਸਵ. ਹਰਜਿੰਦਰ ਸਿੰਘ ਵਾਸੀ ਘਰਿਆਲੀ ਦਾਸੁਵਾਲ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਤੇ ਸਿਵਲ ਹਸਪਤਾਲ ਪੱਟੀ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਰਦਿਆਲ ਸਿੰਘ ਪੰਚਾਇਤ ਸਕੱਤਰ ਨੌਸ਼ਹਿਰਾ ਪੰਨੁਆ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਨਸ਼ੇ ਦਾ ਆਦੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਉਣ ਦੇ ਲਈ ਲੈ ਕੇ ਗਏ ਪਰ ਨਸ਼ਾ ਤਸਕਰ ਉਸ ਨੂੰ ਲਿਜਾ ਕੇ ਨਸ਼ਾ ਕਰਾ ਦਿੰਦੇ ਸਨ। ਉਹ ਪਿੱਪਲ ਸਿੰਘ ਦੇ ਇਲਾਜ ਲਈ ਵੀ ਤਕਰੀਬਨ 10 ਲੱਖ ਰੁਪਏ ਲਗਾ ਚੁੱਕੇ ਹਨ। ਬੀਤੀ ਸ਼ਾਮ ਪਿੱਪਲ ਸਿੰਘ ਦਾ ਦੋਸਤ ਉਸ ਨੂੰ ਪੱਟੀ ਸਥਿਤ ਬਸਤੀ ਵਿੱਚ ਲੈ ਆਇਆ ਜਿੱਥੇ ਨਸ਼ੇ ਦਾ ਟੀਕਾ ਲਾਉਣ ਕਾਰਨ ਉਸਦੀ ਮੌਤ ਹੋ ਗਈ।
ਅੱਗੇ ਹਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪਰ ਕਾਰਵਾਈ ਨਾ ਹੋਣ ਦੇ ਕਾਰਨ ਨਸ਼ਾ ਤਸਕਰ ਲਗਾਤਾਰ ਨਸ਼ਾ ਵੇਚਦੇ ਰਹੇ ਹਨ। ਮ੍ਰਿਤਕ ਦੀ ਮਾਂ ਅਮਰਜੀਤ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਦੀ 8 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ। ਅਮਰਜੀਤ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਇਕਲੌਤਾ ਦੀਵਾ ਬੁਝ ਗਿਆ ਹੈ। ਉਸਦੇ ਕੋਲ 8 ਕਿੱਲੇ ਜ਼ਮੀਨ ਹੈ।
ਪੀੜਤ ਪਰਿਵਾਰ ਵਾਲਿਆਂ ਨੇ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਐਸ. ਐਸ. ਪੀ. ਤਰਨਤਾਰਨ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ। ਮ੍ਰਿਤਕ ਦੀ ਮਾਂ ਨੇ ਕਿਹਾ ਕਿ 10 ਮਾਰਚ ਨੂੰ ਜੋ ਵੀ ਸਰਕਾਰ ਬਣੇ ਉਸ ਨੂੰ ਸਿਰਫ ਨਸ਼ਾ ਬੰਦ ਕਰਨਾ ਚਾਹੀਦਾ ਹੈ ਤਾਂਕਿ ਦੂਜੇ ਘਰਾਂ ਦੇ ਚਿਰਾਗ ਨਾ ਬੁਝਣ। ਇਸ ਸੰਬੰਧ ਵਿੱਚ ਐਸ. ਐਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਪੱਟੀ ਵਿੱਚ ਬਲਵਿੰਦਰ ਸਿੰਘ ਬਾਊ ਪੁੱਤਰ ਸਲਵਿੰਦਰ ਸਿੰਘ ਪੱਚੀ ਅਤੇ ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਠੱਠਾ ਦੇ ਖਿਲਾਫ ਆਈ. ਪੀ. ਸੀ. ਐਕਟ ਦੀ ਧਾਰਾ 304, 34 ਦੇ ਤਹਿਤ ਮਾਮਲਾ ਦਰਜ ਕਰਿਆ ਗਿਆ ਹੈ।