ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੀ ਖ਼ਬਰ, ਥਾਣਾ ਕੰਬੋ ਦੇ ਏਰੀਏ ਰਾਮਤੀਰਥ ਰੋਡ ਤੇ ਸਥਿਤ ਢੀਂਗਰਾ ਕਲੋਨੀ ਵਿੱਚ ਵੀਰਵਾਰ ਦੀ ਰਾਤ ਨੂੰ ਮਾਹਲ ਗੈਂਗ ਦੇ ਮੈਬਰਾਂ ਨੇ ਜਸਵਿੰਦਰ ਸਿੰਘ ਉਰਫ ਗਿਆਨੀ ਨੂੰ ਗੋਲੀ ਮਾਰ ਦਿੱਤੀ। ਗੰਭੀਰ ਜਖਮੀ ਹਾਲਤ ਦੇ ਵਿੱਚ ਜਸਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਹੱਤਿਆ ਦਾ ਕੇਸ ਦਰਜ ਕਰਨ ਤੋਂ ਬਾਅਦ ਜਸਵਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਉਣ ਦੇ ਪਿਛੋਂ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਜਸਵਿੰਦਰ ਸਿੰਘ ਦਾ ਅੱਠ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮ੍ਰਿਤਕ ਦੀ ਪਤਨੀ ਲਕਸ਼ਮੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਰਾਤ ਅੱਠ ਵਜੇ ਦੇ ਕਰੀਬ ਖਾਣਾ ਖਾਣ ਤੋਂ ਬਾਅਦ ਘਰੋਂ ਬਾਹਰ ਨਿਕਲੇ ਸਨ। ਉਸ ਸਮੇਂ ਗਲੀ ਦੇ ਬਾਹਰ ਤਿੰਨ ਚਾਰ ਕਾਰਾਂ ਵਿੱਚ ਸਵਾਰ ਮਨ ਚੀਨੀ ਪੁਲਸੀਆ ਮਿੱਠੂ ਚੌਗਾਂਵਾ ਕੁੱਕੂ ਮਾਹਲ ਆਪਣੇ ਕਈ ਸਾਥੀਆਂ ਸਮੇਤ ਉੱਥੇ ਪਹੁੰਚੇ ਅਤੇ ਉਨ੍ਹਾਂ ਦੇ ਪਤੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਖ਼ਮੀ ਹਾਲਤ ਵਿੱਚ ਉਨ੍ਹਾਂ ਦੇ ਪਤੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਬਾਰੇ ਲਕਸ਼ਮੀ ਦਾ ਕਹਿਣਾ ਸੀ ਕਿ ਇੱਕ ਗੋਲੀ ਉਸ ਦੇ ਸਿਰ ਉੱਤੇ ਅਤੇ ਇੱਕ ਛਾਤੀ ਉੱਤੇ ਲੱਗੀ ਹੈ। ਮ੍ਰਿਤਕ ਦੀ ਪਤਨੀ ਦਾ ਕਹਿਣਾ ਸੀ ਕਿ ਇਨ੍ਹਾਂ ਲੋਕਾਂ ਦੇ ਨਾਲ ਉਸਦੇ ਪਤੀ ਦਾ ਕੁੱਝ ਦਿਨ ਪਹਿਲਾਂ ਝਗੜਾ ਹੋਇਆ ਸੀ। ਮ੍ਰਿਤਕ ਦੇ ਗੁਆਂਢੀ ਰਾਜਾ ਦਾ ਕਹਿਣਾ ਹੈ ਕਿ ਦੋਸ਼ੀ ਤਿੰਨ ਚਾਰ ਗੱਡੀਆਂ ਵਿੱਚ ਸਵਾਰ ਹੋਕੇ ਆਏ ਸਨ। ਉਨ੍ਹਾਂ ਨੇ ਆਉਂਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਕੁੱਝ ਗੋਲੀਆਂ ਉਨ੍ਹਾਂ ਦੇ ਇੱਕਦਮ ਨਜਦੀਕ ਤੋਂ ਲੰਘ ਗਈਆਂ ਸਨ। ਘਟਨਾ ਵਾਲੀ ਥਾਂ ਉੱਤੇ ਐਸੀਪੀ ਮਨੋਜ ਠਾਕੁਰ ਨੇ ਦੱਸਿਆ ਕਿ ਇਸ ਵਿੱਚ ਚਾਰ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਬਾਕੀ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।