ਇਹ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। ਇਥੇ ਲੁਧਿਆਣਾ ਸ਼ਹਿਰ ਦੇ ਦੁਗਰੀ ਏਰੀਏ ਦਾ ਇਕ ਕਾਰੋਬਾਰੀ ਆਪਣੇ ਕੰਮ ਵਿੱਚ ਘਾਟਾ ਪੈ ਜਾਣ ਤੋਂ ਆਈ ਬਾਅਦ ਚੋਰ ਬਣ ਗਿਆ। ਉਸ ਨੇ ਕਬਾੜੀਏ ਦੇ ਘਰ ਦੇ ਬਾਹਰੋਂ ਸਕਰੈਪ ਨਾਲ ਭਰਿਆ ਟਰੱਕ ਹੀ ਚੁਰਾ ਲਿਆ। ਪੁਲਿਸ ਨੇ ਉਸ ਨੂੰ ਉਸ ਦੇ ਇਕ ਸਾਥੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਸ ਤੋਂ ਚੋਰੀ ਕੀਤਾ ਹੋਇਆ ਟਰੱਕ ਅਤੇ ਚੋਰੀ ਕਰਨ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਦੁਗਰੀ ਦੇ ਰਹਿਣ ਵਾਲੇ ਪਵਨਦੀਪ ਸਿੰਘ ਅਤੇ ਉਸਦੇ ਸਾਥੀ ਮਿੱਡਾ ਚੌਕ ਵਾਸੀ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ।
ਥਾਣਾ ਪੀਏਯੂ PAU ਦੇ ਇੰਨਚਾਰਜ ਸਭ ਇੰਸਪੈਕਟਰ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਕਬਾੜ ਦਾ ਕੰਮ ਕਰਨ ਵਾਲੇ ਕਾਰੋਬਾਰੀ ਨੇ ਦੱਸਿਆ ਕਿ ਉਹ ਹੰਬੜਾਂ ਰੋਡ ਉੱਤੇ ਕਬਾੜ ਖ੍ਰੀਦਣ ਦਾ ਕੰਮ ਕਰਦਾ ਹੈ। ਉਸਨੇ 27 ਫਰਵਰੀ ਨੂੰ ਕਬਾੜ ਖ੍ਰੀਦ ਕੇ ਉਸਨੂੰ ਟਰੱਕ ਵਿੱਚ ਲੋਡ ਕਰ ਕੇ ਆਪਣੀ ਦੁਕਾਨ ਦੇ ਬਾਹਰ ਖਡ਼ਾ ਕੀਤਾ ਸੀ। ਜਿਸ ਨੂੰ ਕਿਸੇ ਨੇ ਚੋਰੀ ਕਰ ਲਿਆ। ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਪਵਨੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਮਿਲਕੇ ਇਸ ਟਰੱਕ ਨੂੰ ਚੋਰੀ ਕੀਤਾ ਸੀ। ਉਹ ਦੋਵੇਂ ਅਰਟਿਗਾ ਕਾਰ ਵਿੱਚ ਸਵਾਰ ਹੋਕੇ ਆਏ ਅਤੇ ਟਰੱਕ ਚੋਰੀ ਕਰ ਕੇ ਲੈ ਗਏ ਸਨ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਤਿੰਨ ਦਿਨਾਂ ਦੇ ਰਿਮਾਂਡ ਤੇ ਲਿਆ ਹੈ।
ਇਸ ਜਾਂਚ ਪੜਤਾਲ ਵਿੱਚ ਪਤਾ ਚੱਲਿਆ ਹੈ ਕਿ ਪਵਨਦੀਪ ਸਿੰਘ ਪਹਿਲਾਂ ਸਪੇਅਰ ਪਾਰਟਸ ਬਣਾਉਣ ਦਾ ਕੰਮ ਕਰਦਾ ਸੀ। ਜਿਸ ਵਿੱਚ ਉਸ ਨੂੰ ਘਾਟਾ ਪੈ ਗਿਆ ਅਤੇ ਉਸ ਉੱਤੇ ਕਰਜ਼ਾ ਚੜ੍ਹ ਗਿਆ। ਇਸ ਤੋਂ ਬਾਅਦ ਉਸ ਨੇ ਪ੍ਰਾਪਰਟੀ ਡੀਲਰ ਦੇ ਕੰਮ ਨੂੰ ਸ਼ੁਰੂ ਕੀਤਾ ਸੀ ਅਤੇ ਉਸ ਕੰਮ ਵਿਚ ਵੀ ਘਾਟਾ ਪੈ ਜਾਣ ਦੇ ਕਾਰਨ ਉਹ ਕੰਮ ਨੂੰ ਛੱਡ ਚੁੱਕਿਆ ਸੀ। ਉਸਦੇ ਖਿਲਾਫ ਇੱਕ ਪਟਵਾਰੀ ਨੂੰ ਕੁੱਟਣ ਅਤੇ ਧੋਖਾਧੜੀ ਦਾ ਮਾਮਲਾ ਦਰਜ ਹੈ। ਅੱਜ ਕੱਲ ਉਸ ਦੇ ਕੋਲ ਕੋਈ ਵੀ ਕੰਮ ਨਹੀਂ ਸੀ ਅਤੇ ਉਸ ਨੇ ਗੱਡੀ ਦੇ ਡਰਾਇਵਰ ਨੂੰ ਨਾਲ ਲੈ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।