ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਨਜਦੀਕ ਪਿੰਡ ਰਾਮਨਗਰ ਵਿੱਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਅਣਪਛਾਤੇ ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਉੱਤੇ ਤੇਜਧਾਰ ਹਥਿਆਰਾਂ ਅਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਇਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੌਰਾਨ ਹਮਲਾਵਰਾਂ ਨੇ ਗੱਡੀ ਦੀ ਵੀ ਭੰਨਤੋੜ ਕੀਤੀ ਹੈ। ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਣ ਦਲਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਰਾਮ ਨਗਰ ਦੀਨਾਨਗਰ ਹਲਕੇ ਤੋਂ ਆਪ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਾਂਗਰਸੀ ਸਰਪੰਚ ਨੇ ਇਹ ਹਮਲਾ ਕੀਤਾ ਹੈ। ਦਰਵਾਜਾ ਬੰਦ ਹੋਣ ਦੇ ਕਾਰਨ ਉਨ੍ਹਾਂ ਦੀ ਜਾਨ ਤਾਂ ਬੱਚ ਗਈ ਹਮਲਾਵਰਾਂ ਨੇ ਘਰ ਵਿੱਚ ਖੜੀ ਕਾਰ ਅਤੇ ਬਾਰੀਆਂ ਆਦਿ ਦਾ ਵੀ ਨੁਕਸਾਨ ਕਰ ਦਿੱਤਾ ਹੈ ।
ਪੀਡ਼ਤ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਪਿਤਾ ਦੀ ਪਿੰਡ ਵਿੱਚ ਵੋਟ ਨਹੀਂ ਹੈ ਅਤੇ ਚੋਣ ਦੇ ਦਿਨ ਉਹ ਪੋਲਿੰਗ ਬੂਥ ਉੱਤੇ ਬੈਠਾ ਸੀ। ਉਸ ਦਿਨ ਕਾਂਗਰਸੀ ਸਰਪੰਚ ਬੂਥ ਉੱਤੇ ਆਕੇ ਜਾਲੀ ਵੋਟ ਪਵਾਉਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਉਸਦੇ ਨਾਲ ਲੜਾਈ ਹੋ ਗਈ ਸੀ। ਚੌਣਾਂ ਦੀ ਰੰਜਸ਼ ਨੂੰ ਲੈ ਕੇ ਕਾਂਗਰਸੀ ਸਰਪੰਚ ਨੇ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਉਨ੍ਹਾਂ ਦੇ ਘਰ ਉੱਤੇ ਹਮਲਾ ਕਰਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪੁਲਿਸ ਨੇ ਰਾਜਨੀਤਕ ਸ਼ਹਿ ਉੱਤੇ ਉਨ੍ਹਾਂ ਉੱਤੇ ਹੀ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਵੀ ਪੁਲਿਸ ਢਿੱਲੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਥਾਣਾ ਦੀਨਾਨਗਰ ਦੇ SHO
ਮੀਡੀਆ ਨੇ ਇਸ ਸਬੰਧੀ ਜਦੋਂ ਐੱਸ. ਐਚ. ਓ. ਮਨਦੀਪ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ਉੱਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਿੱਚ ਜੋ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕੀ ਕਿਹਾ ਪਿੰਡ ਦੇ ਕਾਂਗਰਸੀ ਸਰਪੰਚ ਦੇ ਪਿਤਾ ਨੇ
ਇਸ ਮਾਮਲੇ ਸਬੰਧੀ ਜਦੋਂ ਪਿੰਡ ਦੇ ਸਰਪੰਚ ਦੇ ਪਿਤਾ ਸੁੱਚਾ ਸਿੰਘ ਰਾਮਨਗਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪੁੱਤਰ ਘਰ ਵਿੱਚ ਹੀ ਸਨ। ਸਾਡੇ ਘਰ ਦੇ ਚਾਰੇ ਪਾਸੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰੇ ਤਾਂਕਿ ਜੋ ਵੀ ਦੋਸ਼ੀ ਹੋਵੇ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।