ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪੁਲਿਸ ਜਿਲਾ ਬਟਾਲਾ ਵਿੱਚ ਗੁੰਡਾਗਰਦੀ ਅਤੇ ਦੋਸ਼ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤਾਜ਼ਾ ਮਾਮਲਾ ਵਡਾਲਾ ਬਾਂਗੜ ਵਿੱਚ ਹੋਇਆ ਹੈ। ਜਿੱਥੇ ਇੱਕ ਹੋਟਲ ਦੇ ਵਿੱਚ ਬੈਠੇ ਕੁੱਝ ਨੌਜਵਾਨਾਂ ਉੱਤੇ 8 ਤੋਂ 10 ਨੌਜਵਾਨਾਂ ਨੇ ਆਕੇ ਤਾਬੜ ਤੋਡ਼ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫਾਇਰਿੰਗ ਦੌਰਾਨ ਤਿੰਨ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ 2 ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਮਾਮਲੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਵਿੰਦਰ ਸਿੰਘ ਉਮਰ 34 ਸਾਲ ਪੁੱਤਰ ਸ਼ਿੰਗਾਰਾ ਸਿੰਘ ਦੇ ਤੌਰ ਉੱਤੇ ਹੋਈ ਹੈ ਜੋ ਬਟਾਲੇ ਦੇ ਨਜਦੀਕ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਹੈ। ਮ੍ਰਿਤਕ ਜਸਵਿੰਦਰ ਸਿੰਘ ਦੇ ਭਰਾ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਵਡਾਲਾ ਬਾਂਗਰ ਤੋਂ ਫੋਨ ਆਇਆ ਕਿ ਇੱਥੇ ਅਹਾਤੇ ਉੱਤੇ ਗੋਲੀਆਂ ਚੱਲੀਆਂ ਹਨ। ਜਿਸ ਤੋਂ ਬਾਅਦ ਉਹ ਜਲਦੀ ਵਡਾਲਾ ਬਾਂਗੜ ਆ ਗਏ। ਅਹਾਤੇ ਉੱਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਉਸ ਦੇ ਭਰਾ ਦੇ ਸੀਨੇ ਉੱਤੇ ਗੋਲੀ ਲੱਗੀ ਹੋਈ ਸੀ ਜਦੋਂ ਕਿ ਉਸ ਦੇ ਦੋ ਹੋਰ ਸਾਥੀ ਜਖ਼ਮੀ ਹੋਏ ਸਨ।
ਅੱਗੇ ਉਨ੍ਹਾਂ ਨੇ ਕਿਹਾ ਕਿ ਇੱਕ ਨੌਜਵਾਨ ਦੇ ਸਿਰ ਉੱਤੇ ਗੋਲੀ ਲੱਗੀ ਸੀ। ਹਮਲਾਵਰਾਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਉਨ੍ਹਾਂ ਉੱਤੇ ਤੇਜਧਾਰ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਸੀ। ਗੋਲੀ ਲੱਗਣ ਕਾਰਨ ਉਸਦੇ ਭਰਾ ਜਸਵਿੰਦਰ ਸਿੰਘ ਦੀ ਕੁੱਝ ਸਮੇਂ ਬਾਅਦ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੁੱਝ ਲੋਕਾਂ ਦੇ ਨਾਲ ਰੰਜਸ਼ ਤਾਂ ਹੈ ਪਰ ਹੁਣ ਘਟਨਾ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਹਮਲਾ ਕਰਨ ਵਾਲੇ ਕੌਣ ਸਨ।
ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਨੇ ਜਖ਼ਮੀ ਨੌਜਵਾਨਾਂ ਦਾ ਇਲਾਜ ਕਰਨ ਦੇ ਬਾਅਦ ਦੱਸਿਆ ਕਿ ਹਸਪਤਾਲ ਵਿੱਚ 3 ਨੌਜਵਾਨ ਲਿਆਂਦੇ ਗਏ ਸਨ ਜਿਨ੍ਹਾਂ ਵਿਚੋਂ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। 2 ਨੌਜਵਾਨਾਂ ਦੀ ਹਾਲਤ ਗੰਭੀਰ ਸੀ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।